ਬਰਨਾਲਾ: ਮੌਜੂਦਾ ਸਮੇਂ ਦੀਆਂ ਵਾਤਾਵਰਣ ਤਬਦੀਲੀਆਂ ਦੇ ਮੱਦੇਨਜ਼ਰ ਵੱਧ ਤੋਂ ਵੱਧ ਪੌਦੇ ਲਗਾਉਣਾ ਅਤੇ ਉਨ੍ਹਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ, ਜਿਸ ਸਬੰਧੀ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਗਣਤੰਤਰ ਦਿਵਸ ਦੇ ਸ਼ੁੱਭ ਦਿਹਾੜੇ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੋਗਾ ਬਾਈਪਾਸ, ਬਰਨਾਲਾ ਵਿਖੇ ਬਣੇ ‘ਵਾਤਾਵਰਣ ਪਾਰਕ’ ਨੂੰ ਜ਼ਿਲ੍ਹਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ।
ਵਾਤਾਵਰਣ ਦੀ ਸੰਭਾਲ ਲਈ ਸਰਕਾਰ ਵੱਲੋਂ ਦੁਰਲੱਭ ਤੇ ਰਵਾਇਤੀ ਬੂਟੇ ਲਾਉਣ ਦੀ ਸ਼ੁਰੂਆਤ
ਇਸ ਮੌਕੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕਰੀਬ 3 ਏਕੜ ਵਿੱਚ ਬਣੇ ਇਸ ਵਾਤਾਵਰਣ ਪਾਰਕ ਵਿੱਚ ਚਾਰ ਹਿੱਸਿਆਂ ਵਿਚ ਛਾਂਦਾਰ ਬੂਟੇ, ਫ਼ਲਦਾਰ ਪੌਦੇ, ਫੁੱਲਦਾਰ ਪੌਦੇ ਤੇ ਆਯੁਰਵੈਦਿਕ ਪੌਦੇ ਲਾਏ ਗਏ ਹਨ। ਇਸਤੋਂ ਇਲਾਵਾ ਸਜਾਵਟੀ ਪੌਦੇ ਲਾਏ ਗਏ ਹਨ ਤੇ ਕੁੱਲ 600 ਤੋਂ 700 ਪੌਦੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੌਦਿਆਂ ਵਿਚ ਢੱਕ, ਸੁਹਾਂਜਣਾ, ਹਰੜ, ਕਚਨਾਰ, ਅਰਜੁਨ, ਪਿਲਖਿਮ, ਬਹੇੜਾ, ਹਰਸਿੰਗਾਰ, ਖਜੂਰ, ਤ੍ਰਿਵੈਣੀ ਆਦਿ ਸਮੇਤ ਕਈ ਦੁਰਲੱਭ ਤੇ ਰਵਾਇਤੀ ਪੌਦੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਕਰੀਬ 16 ਲੱਖ ਦੀ ਲਾਗਤ ਨਾਲ ਇਸ ਪਾਰਕ ਨੂੰ ਸੰਪੂਰਨ ਰੂਪ ਦਿੱਤਾ ਜਾਵੇਗਾ।
ਗਣਤੰਤਰਤਾ ਦਿਹਾੜੇ ਮੌਕੇ ਸਮਾਰਟ ਸਕੂਲ ਦਾ ਵੀ ਕੀਤਾ ਉਦਘਾਟਨ
ਇਸ ਮੌਕੇ ਸਿਹਤ ਮੰਤਰੀ ਸਿੱਧੂ ਵੱਲੋਂ ਪਿੰਡ ਕੈਰੇ ਵਿਖੇ ਸਰਕਾਰੀ ਹਾਈ ਸਮਾਰਟ ਸਕੂਲ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਮਾਰਟ ਸਕੂਲਾਂ ਲਈ ਪੈਮਾਨੇ ਨਿਰਧਾਰਿਤ ਕੀੇਤੇ ਗਏ ਹਨ। ਇਨ੍ਹਾਂ ਤੈਅ ਕੀਤੇ ਗਏ ਪੈਮਾਨਿਆਂ ਮੁਤਾਬਕ ਹੀ ਇਸ ਸਮਾਰਟ ਸਕੂਲ ਨੂੰ ਬਣਾਇਆ ਗਿਆ ਹੈ, ਇਸ ਸਕੂਲ ’ਚ ਕਈ ਆਧੁਨਿਕ ਸਹੂਲਤਾਂ ਉਪਲਬੱਧ ਹਨ ਜਿਵੇਂ ਕਿ ਸਮਾਰਟ ਕਲਾਸ ਰੂਮ, ਈ-ਕੰਟੈਂਟ, ਖੇਡਾਂ ਵਿਚ ਪ੍ਰਾਪਤੀਆਂ, ਬੁਨਿਆਦੀ ਢਾਂਚਾ ਆਦਿ। ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਆਖਿਆ ਕਿ ਸਿੱਖਿਆ ਅਤੇ ਸਿਹਤ ਸਹੂਲਤਾਂ ਮੁੱਢਲੀਆਂ ਤੇ ਤਰਜੀਹ ਦੇਣ ਯੋਗ ਸੇਵਾਵਾਂ ਹਨ, ਜਿਨ੍ਹਾਂ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।