ਬਰਨਾਲਾ: ਜ਼ਿਲ੍ਹੇ ਦੇ ਪਿੰਡ ਕੁਰੜ ਵਿਖੇ ਜ਼ਮੀਨੀ ਵਿਵਾਦ ‘ਚ ਇਨਸਾਫ ਨਾ ਮਿਲਣ ਤੋਂ ਅੱਕਿਆ ਦਲਿਤ ਭਾਈਚਾਰੇ ਨਾਲ ਸਬੰਧਤ ਬਜ਼ੁਰਗ ਜੋੜਾ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਅਮਰ ਸਿੰਘ ਪੁੱਤਰ ਮੰਗਤ ਸਿੰਘ ਵਾਸੀ ਕੁਰੜ ਨਜ਼ੂਲ ਸੁਸਾਇਟੀ ਦੀ ਅੱਧਾ ਏਕੜ ਜ਼ਮੀਨ ‘ਤੇ ਪਿਛਲੇ ਕਈ ਸਾਲਾਂ ਤੋਂ ਖੇਤੀ ਕਰਦਾ ਆ ਰਿਹਾ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਦਲਿਤ ਭਾਈਚਾਰੇ ਨਾਲ ਹੀ ਸੰਬੰਧਤ ਇੱਕ ਪਰਿਵਾਰ ਇਸ ਜ਼ਮੀਨ 'ਤੇ ਆਪਣਾ ਦਾਅਵਾ ਜਤਾਉਂਦਿਆਂ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਮਸਲਾ ਕਈ ਵਾਰ ਪੁਲਿਸ ਕੋਲ ਗਿਆ, ਪਰ ਮਾਮਲਾ ਹੱਲ ਨਾ ਹੋਇਆ ਤੇ ਬੀਤੀ ਕੱਲ੍ਹ ਜਬਰੀ ਕਬਜ਼ਾ ਕਰਕੇ ਝੋਨਾ ਲਗਾ ਦਿੱਤਾ ਗਿਆ। ਜਿਸ ਤੋਂ ਬਾਅਦ ਅਮਰ ਸਿੰਘ ਬੀਤੀ ਕੱਲ੍ਹ ਤੋਂ ਪੁਲਿਸ ਕੋਲ ਇਨਸਾਫ਼ ਲਈ ਗੁਹਾਰ ਲਗਾ ਰਿਹਾ ਸੀ, ਪਰ ਮਾਮਲਾ ਹੱਲ ਨਾ ਹੁੰਦਾ ਵੇਖ ਅਮਰ ਸਿੰਘ ਅਤੇ ਉਸ ਦੀ ਪਤਨੀ ਮਲਕੀਤ ਕੌਰ ਪਿੰਡ 'ਚ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ।
ਇਸ ਮੌਕੇ ਇਸ ਬਜ਼ੁਰਗ ਜੋੜੇ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ, ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ, ਤਾਂ ਉਹ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣਗੇ। ਜਿਸ ਦਾ ਜ਼ਿੰਮੇਵਾਰ ਸਥਾਨਕ ਪ੍ਰਸ਼ਾਸਨ ਹੋਵੇਗਾ।
ਜਿਸ ਤੋਂ ਬਾਅਦ ਤੁਰੰਤ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ, ਅਤੇ ਐੱਸ.ਐੱਚ.ਓ. ਬਲਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬਜ਼ੁਰਗ ਜੋੜੇ ਨੂੰ ਹੇਠਾਂ ਉਤਾਰਨ ਲਈ ਯਤਨ ਆਰੰਭੇ। ਟੈਂਕੀ ‘ਤੇ ਚੜ੍ਹੇ ਪਤੀ-ਪਤਨੀ ਨੇ ਕਿਹਾ, ਕਿ ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਨੂੰ ਦਰਖਾਸਤਾਂ ਦੇ ਕੇ ਕਈ ਵਾਰ ਇਨਸਾਫ ਦੀ ਮੰਗ ਕੀਤੀ, ਪਰ ਕਿਸੇ ਵੀ ਅਧਿਕਾਰੀ ਨੇ ਇਨਸਾਫ਼ ਨਹੀਂ ਦਿੱਤਾ। ਜਿਸ ਤੋਂ ਦੁਖੀ ਹੋ ਕੇ ਉਹ ਟੈਂਕੀ ‘ਤੇ ਚੜ੍ਹਨ ਨੂੰ ਮਜ਼ਬੂਰ ਹੋਏ ਹਨ।
ਹਾਲਾਂਕਿ ਪੁਲਿਸ ਪ੍ਰਸ਼ਾਸਨ ਨੇ ਪਿੰਡ ਦੇ ਮੋਹਤਵਾਰ ਬੰਦਿਆ ਦੀ ਹਾਜ਼ਰੀ ਵਿੱਚ ਬਜ਼ੁਰਗ ਜੋੜੇ ਨੂੰ ਵਿਸ਼ਵਾਸ਼ ਦਿਵਾਇਆ ਹੈ। ਕਿ ਉਨ੍ਹਾਂ ਦੀ ਜ਼ਮੀਨ ‘ਤੇ ਜਬਰ ਕਬਜਾ ਕਰਨ ਵਾਲਿਆਂ ਤੋਂ ਜਲਦ ਹੀ ਜ਼ਮੀਨ ਛੜਾ ਲਈ ਜਾਵੇਗੀ। ਪੁਲਿਸ ਦੇ ਇਸ ਭਰੋਸੇ ਤੋਂ ਬਾਅਦ ਇਹ ਬਜ਼ੁਰਗ ਜੋੜਾ ਟੈਂਕੀ ਤੋਂ ਹੇਠਾ ਉੱਤਰ ਆਇਆ ਹੈ।