ਬਰਨਾਲਾ: ਕਿਸਾਨਾਂ ਵੱਲੋਂ ਰੇਲਵੇ ਪਲੇਟਫ਼ਾਰਮ ਤੋਂ ਧਰਨੇ ਹਟਾਏ ਜਾਣ ਤੋਂ ਬਾਅਦ ਅੱਜ ਐਸਐਸਪੀ ਸੰਦੀਪ ਗੋਇਲ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਬਰਨਾਲਾ ਦੇ ਰੇਲਵੇ ਸਟੇਸ਼ਨ ਪਹੁੰਚੇ। ਰੇਲਵੇ ਲਾਈਨਾਂ ਦੀ ਜਾਂਚ ਦੌਰਾਨ ਇੰਸਪੈਕਸ਼ਨ ਮੋਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਐਸਐਸਪੀ ਸੰਦੀਪ ਗੋਇਲ ਅਤੇ ਐਸ.ਪੀ ਜਗਵਿੰਦਰ ਸਿੰਘ ਚੀਮਾ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਐਸ.ਪੀ ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ, ਐਸ.ਪੀ ਜਗਵਿੰਦਰ ਸਿੰਘ ਚੀਮਾ ਅਤੇ ਡੀਐੱਸਪੀ ਲਖਵੀਰ ਸਿੰਘ ਟਿਵਾਣਾ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਰੇਲਵੇ ਲਾਈਨਾਂ ਦੀ ਇੰਸਪੈਕਸ਼ਨ ਕਰ ਰਹੇ ਸਨ। ਇਸੇ ਦੌਰਾਨ ਜਦ ਉਹ ਇੰਸਪੈਕਸ਼ਨ ਮੋਟਰ-ਟਰਾਲੀ ਉੱਤੇ ਸਵਾਰ ਹੋ ਕੇ ਰੇਲਵੇ ਲਾਈਨਾਂ ਚੈੱਕ ਕਰ ਰਹੇ ਸਨ ਤਾਂ ਮੋਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਐਸਐਸਪੀ ਬਰਨਾਲਾ ਅਤੇ ਐਸਪੀ ਜਗਵਿੰਦਰ ਸਿੰਘ ਚੀਮਾ ਡਿੱਗ ਪਏ ਅਤੇ ਉਨ੍ਹਾਂ ਦੇ ਕੁੱਝ ਸੱਟਾਂ ਹੀ ਲੱਗੀਆਂ ਹਨ। ਜਦਕਿ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਤਕਨੀਕੀ ਕਾਰਨਾਂ ਕਰਕੇ ਹੋਇਆ ਹੈ।
ਬਰਨਾਲਾ ਰੇਲਵੇ ਸਟੇਸ਼ਨ ਦੇ ਮਾਸਟਰ ਰਾਮ ਸਰੂਪ ਮੀਨਾ ਨੇ ਦੱਸਿਆ ਕਿ ਅੱਜ ਤਕਨੀਕੀ ਮੁਸ਼ਕਿਲਾਂ ਕਾਰਨ ਹੀ ਇੰਸਪੈਕਸ਼ਨ ਮੋਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋਈ ਹੈ।