ਬਰਨਾਲਾ: ਪਿੰਡ ਜੈਮਲ ਸਿੰਘ ਵਾਲਾ ਦੇ ਇੱਕ ਨੌਜਵਾਨ ਕਿਸਾਨ ਵਲੋਂ ਬੀਤੇ ਦਿਨੀਂ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ ਸੀ। ਨੌਜਵਾਨ ਵਲੋਂ ਇਹ ਖੁਦਕੁਸ਼ੀ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਸਬੰਧੀ ਕੇਂਦਰ ਸਰਕਾਰ ਵਲੋਂ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਕੀਤੀ ਗਈ ਸੀ। ਜਿਸ ਉਪਰੰਤ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਪਿੰਡ ਵਾਸੀਆ ਵਲੋਂ ਮ੍ਰਿਤਕ ਨੌਜਵਾਨ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਜ਼ਿਲਾ ਪ੍ਰਸ਼ਾਸ਼ਨ ਅਤੇ ਸਰਕਾਰ ਅੱਗੇ ਰੱਖੀ ਸੀ, ਜਿਸ ਕਰਕੇ ਅੱਜ ਦੂਜੇ ਦਿਨ ਵੀ ਮ੍ਰਿਤਕ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ।
![ਪਿੰਡ ਜੈਮਲ ਸਿੰਘ ਵਾਲਾ](https://etvbharatimages.akamaized.net/etvbharat/prod-images/pb-bnl-farmersucidecase-pb10017_27022021185822_2702f_1614432502_720.jpg)
ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਸਿੱਧੂਪੁਰ ਦੇ ਜ਼ਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਨੇ ਦੱਸਿਆ ਕਿ ਦਿੱਲੀ ਬਾਰਡਰ ’ਤੇ ਲਗਾਤਾਰ ਤਿੰਨ ਮਹੀਨਿਆਂ ਤੋਂ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਦੌਰਾਨ 200 ਤੋਂ ਵਧੇਰੇ ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਪਰ ਕੇਂਦਰ ਸਰਕਾਰ ਦੇ ਕੰਨ ’ਤੇ ਜੂੂੰ ਤੱਕ ਨਹੀਂ ਸਰਕੀ। ਇਸੇ ਸੰਘਰਸ਼ ਦੌਰਾਨ ਕੁਝ ਦਿਨ ਪਹਿਲਾਂ ਜੈਮਲ ਸਿੰਘ ਵਾਲਾ ਦਾ ਕਿਸਾਨ ਸਤਵੰਤ ਸਿੰਘ ਦਿੱਲੀ ਗਿਆ ਸੀ, ਜਿੱਥੇ ਉਹ ਕਿਸਾਨਾਂ ਦੀ ਹੋਰ ਰਹੀ ਦੁਰਦਸ਼ਾ ਤੋਂ ਦੁਖੀ ਹੋ ਕੇ ਪਿੰਡ ਪਰਤਿਆ ਸੀ ਅਤੇ ਪਿੰਡ ਪਰਤ ਕੇ ਉਸਨੇ ਘਰ ਵਿੱਚ ਹੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਨੌਜਵਾਨ ਦੀ ਮੌਤ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ।
![ਮੁਰਦਾਘਰ ’ਚ ਪਈ ਕਿਸਾਨ ਸਤਵੰਤ ਸਿੰਘ ਦੀ ਦੇਹ](https://etvbharatimages.akamaized.net/etvbharat/prod-images/pb-bnl-farmersucidecase-pb10017_27022021185822_2702f_1614432502_634.jpg)
ਇਸ ਮੌਕੇ ਕਰਨੈਲ ਸਿੰਘ ਗਾਂਧੀ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਕਿਸਾਨ ਸਤਵੰਤ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦਵਾਉਣ ਲਈ ਤਹਿਸੀਲਦਾਰ ਤਪਾ ਨੂੰ ਮਿਲ ਚੁੱਕੇ ਹਨ, ਤਹਿਸੀਲਦਾਰ ਵੱਲੋਂ ਕੇਸ ਦੀ ਫ਼ਾਈਲ ਬਣਾ ਕੇ ਪੰਜਾਬ ਸਰਕਾਰ ਕੋਲ ਭੇਜਣ ਦੀ ਗੱਲ ਆਖੀ ਗਈ ਹੈ। ਉਹਨਾਂ ਕਿਹਾ ਕਿ ਜੇਕਰ 1 ਮਾਰਚ ਤੱਕ ਮੁਆਵਜ਼ਾ ਨਾ ਦਿੱਤਾ ਤਾਂ ਉਹ ਡੀਸੀ ਦਫ਼ਤਰ ਦਾ ਘਿਰਾਉ ਕਰਨਗੇ ਅਤੇ ਮੁਆਵਜ਼ਾ ਮਿਲਣ ਤੱਕ ਮਿ੍ਰਤਕ ਦਾ ਅੰਤਿਮ ਸਸਕਾਰ ਨਹੀਂ ਕਰਨਗੇ।