ਬਰਨਾਲਾ: ਕੋਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ, ਇਹ ਪੜਾਅਵਾਰ ਲਗਾਈ ਜਾ ਰਹੀ ਹੈ। ਇਸ ਲਈ ਆਪਣੀ ਵਾਰੀ ਆਉਣ ’ਤੇ ਵੈਕਸੀਨ ਜ਼ਰੂਰ ਲਗਵਾਈ ਜਾਵੇ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕੋਰੋਨਾ ਵਿਰੁੱਧ ਵੈਕਸੀਨ ਦੀ ਦੂਜੀ ਖੁਰਾਕ ਲਗਵਾਉਣ ਮੌਕੇ ਕੀਤਾ। ਉਨਾਂ ਆਖਿਆ ਕਿ ਉਹ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ ਤੇ ਉਨਾਂ ਨੂੰ ਅਜੇ ਤੱਕ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਇਸ ਮੌਕੇ ਉਨਾਂ ਕੋਰੋਨਾ ਵੈਕਸੀਨ ਜਾਗਰੂਕਤਾ ਲਈ ‘ਬਰਨਾਲਾ ਦੀ ਸ਼ਾਨ’ ਜਾਗਰੂਕਤਾ ਮੁਹਿੰਮ ਦੌਰਾਨ ਨਵੇਂ ਵੈਕਸੀਨੇਸ਼ਨ ਸੈਂਟਰ ਸੰਧੂ ਪੱਤੀ ਵਿਖੇ ਸੈਲਫੀ ਪੁਆਇੰਟ ਦੇ ਉਦਘਾਟਨ ਮੌਕੇ ਕੀਤਾ।
ਉਨਾਂ ਆਖਿਆ ਕਿ ਜ਼ਿਲਾ ਬਰਨਾਲਾ ਵਿੱਚ ਪਹਿਲਾਂ ਸਿਵਲ ਹਸਪਤਾਲ ਬਰਨਾਲਾ, ਸਬ ਡਿਵੀਜ਼ਨਲ ਹਸਪਤਾਲ ਤਪਾ, ਸੀਐਚਸੀ ਧਨੌਲਾ, ਭਦੌੜ ਤੇ ਮਹਿਲ ਕਲਾਂ ਵਿਖੇ ਕਰੋਨਾ ਵਿਰੁੱਧ ਵੈਕਸੀਨ ਲਗਵਾਈ ਜਾਂਦੀ ਸੀ, ਜਦੋਂਕਿ ਹੁਣ ਸ਼ਹਿਰੀ ਮੁਢਲੇ ਸਿਹਤ ਕੇਂਦਰ, ਸੰਧੂ ਪੱੱਤੀ ਬਰਨਾਲਾ ਵਿਖੇ ਵੀ ਕਰੋਨਾ ਵੈਕਸੀਨ ਦੀ ਸਹੂਲਤ ਮੁਹੱਈਆ ਕਰਾਈ ਜਾ ਰਹੀ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ 3414 ਵਿਅਕਤੀਆਂ ਨੇ ਲਗਵਾਈ ਵੈਕਸੀਨ
ਡੀਸੀ ਫੂਲਕਾ ਨੇ ਦੱਸਿਆ ਕਿ ਹੁਣ ਤੱਕ ਕੁੱਲ 3414 ਵਿਅਕਤੀਆਂ ਨੇ ਵੈਕਸੀਨ ਲਗਵਾਈ ਹੈ, ਜਿਨਾਂ ਵਿਚ ਸਿਹਤ ਅਮਲਾ, ਫਰੰਟ ਲਾਈਨ ਵਰਕਰ, ਸੀਨੀਅਰ ਸਿਟੀਜ਼ਨ ਤੇ ਸਹਿ ਰੋਗਾਂ ਤੋਂ ਪੀੜਤ ਵਿਅਕਤੀ ਸ਼ਾਮਲ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤਾ ਕਿ ਉਹ ਪੜਾਅਵਾਰ ਵੈਕਸੀਨ ਜ਼ਰੂਰ ਲਗਵਾਉਣ ਅਤੇ ਕਰੋਨਾ ਤੋਂ ਬਚਾਅ ਲਈ ਜ਼ਰੂਰੀ ਇਹਤਿਆਤਾਂ ਦਾ ਖਿਆਲ ਰੱਖਣ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਫੂਲਕਾ, ਐਸਐਸਪੀ ਸ੍ਰੀ ਸੰਦੀਪ ਗੋਇਲ ਤੇ ਹੋਰ ਅਧਿਕਾਰੀਆਂ ਵੱਲੋਂ ਕਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਵਾਈ ਗਈ।