ਬਰਨਾਲਾ: ਜ਼ਿਲ੍ਹੇ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਨੌਜਵਾਨ ਖੁਦਕੁਸ਼ੀ ਮਾਮਲੇ ਸਬੰਧੀ ਭਦੌੜ ਦੇ ਤਿੰਨਕੌਣੀ ਚੌਂਕ ਵਿੱਚ ਤੀਜੇ ਦਿਨ ਵੀ ਧਰਨਾ ਜਾਰੀ ਰਿਹਾ ਅਤੇ ਮ੍ਰਿਤਕ ਦੀ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਪੁਲਿਸ ਵਲੋਂ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਕਾਬੂ ਕੀਤਾ ਗਿਆ ਹੈ, ਜਦਕਿ ਧਰਨਾਕਾਰੀ ਤਿੰਨਾਂ ਦੀ ਗ੍ਰਿਫ਼ਤਾਰੀ ਤੇ ਅੜੇ ਹੋਏ ਹਨ। ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰਾਤ ਤੱਕ ਖੁਦਕੁਸ਼ੀ ਮਾਮਲੇ ਦੇ ਮੁਲਜ਼ਮਾਂ ਨੂੰ ਨਾ ਫੜਿਆ ਤਾਂ ਅੱਜ ਵੱਡਾ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜੋ: Hukamnama : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਕਿਸਾਨਾਂ ਦੀ ਚਿਤਾਵਨੀ, ਪੁਲਿਸ ਦਾ ਭਰੋਸਾ: ਆਗੂਆਂ ਨੇ ਕਿਹਾ ਕਿ ਪੁਲਿਸ ਦਾ ਚਾਰ ਦਿਨਾਂ ਤੋਂ ਰਵੱਈਆ ਢਿੱਲਾ ਹੈ। ਜਿਸ ਕਰਕੇ ਤਿੰਨੋਂ ਮੁਲ਼ਜ਼ਮ ਅਜੇ ਤੱਕ ਪੁਲਿਸ ਦੀ ਗਿਰਫ਼ ਤੋਂ ਬਾਹਰ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰਨਾਂ ਸਰਕਾਰਾਂ ਵਾਂਗ ਇਸ ਸਰਕਾਰ ਤੋਂ ਵੀ ਇਨਸਾਫ਼ ਦੀ ਕੋਈ ਆਸ ਨਹੀਂ ਹੈ ਤੇ ਧਰਨੇ ਲਗਾ ਕੇ ਹੀ ਇਨਸਾਫ਼ ਪ੍ਰਾਪਤ ਕਰਨਾ ਪੈਂਦਾ ਹੈ। ਕਿਸਾਨ ਆਗੂਆਂ ਵੱਲੋਂ ਅੱਜ 11 ਵਜੇ ਤੋਂ ਬਾਦ ਵੱਡਾ ਐਕਸ਼ਨ ਲੈਣ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਡੀਐਸਪੀ ਰਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਕਿਸਾਨ ਆਗੂਆਂ ਦੀ ਮੀਟਿੰਗ ਇੱਕ ਘੰਟਾ ਮੀਟਿੰਗ ਚੱਲੀ। ਜਿਸ ਵਿੱਚ ਡੀਐਸਪੀ ਰਵਿੰਦਰ ਸਿੰਘ ਵੱਲੋਂ ਮੁਲਜ਼ਮ ਬਲਜੀਤ ਸਿੰਘ ਨੂੰ ਫੜਨ ਬਾਰੇ ਜਾਣਕਾਰੀ ਦਿੱਤੀ ਤੇ ਉਨ੍ਹਾਂ ਧਰਨਾ ਸਮਾਪਤ ਕਰਨ ਦੀ ਗੱਲ ਰੱਖੀ ਅਤੇ ਦੂਜੇ ਮੁਲਜ਼ਮਾਂ ਨੂੰ ਵੀ ਫੜ ਲਏ ਜਾਣ ਦਾ ਭਰੋਸਾ ਦਿੱਤਾ, ਪਰ ਕਿਸਾਨ ਆਗੂਆਂ ਨੇ ਕਿਹਾ ਕਿ ਤਿੰਨਾਂ ਦੀ ਗ੍ਰਿਫ਼ਤਾਰੀ ਤੋਂ ਬਾਦ ਹੀ ਧਰਨਾ ਚੁੱਕਿਆ ਜਾਵੇਗਾ।
ਧਰਨੇ ਕਾਰਣ ਟਰੈਫ਼ਿਕ ਸਮੱਸਿਆ ਵਧੀ: ਪਿਛਲੇ ਤਿੰਨ ਦਿਨਾਂ ਤੋਂ ਤਿੰਨਕੌਣੀ ਚੌਂਕ ਉੱਤੇ ਲੱਗੇ ਧਰਨੇ ਕਾਰਣ ਭਦੌੜ ਵਾਸੀਆਂ ਤੇ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਵੱਲੋਂ ਰਾਹੀਗਰਾਂ ਲਈ ਕੋਈ ਵੀ ਰੂਟ ਪਲਾਨ ਨਹੀਂ ਬਣਾਇਆ ਗਿਆ। ਸਵੇਰੇ ਇੱਕ ਰੇਤੇ ਦਾ ਭਰਿਆ ਟਰੱਕ ਬੱਸ ਸਟੈਂਡ ਵਾਲੇ ਪਾਸਿਓ ਤਿੰਨਕੋਣੀ ਮੌੜ ਉੱਤੇ ਪੁੱਜ ਗਿਆ ਤੇ ਉੱਥੇ ਲੱਗੇ ਧਰਨੇ ਕਾਰਣ ਉਸ ਨੂੰ ਲਗਭਗ ਅੱਧਾ ਕਿਲੋਮੀਟਰ ਬੈਕ ਗੇਅਰ ਵਿੱਚ ਹੀ ਵਾਪਸ ਆਉਣਾ ਪਿਆ। ਕਸਬੇ ਦੀਆਂ ਵੱਖ-ਵੱਖ ਗਲੀਆਂ ਵਿੱਚੋਂ ਭਾਰੀ ਗੱਡੀਆਂ ਲੰਘਣ ਕਰਕੇ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ। ਸਕੂਲਾਂ ਵਿੱਚ ਸਾਲਾਨਾ ਇਮਤਿਹਾਨ ਚੱਲ ਰਹੇ ਹਨ ਤੇ ਧਰਨੇ ਕਾਰਣ ਸਕੂਲ ਬੱਸਾਂ ਨੂੰ 4 ਤੋਂ 5 ਕਿਲੋਮੀਟਰ ਹੋਰ ਵੱਖਰਾ ਸਫ਼ਰ ਤੈਅ ਕਰਨਾ ਪੈਂਦਾ ਹੈ। ਟਰੈਫਿਕ ਪੱਖੋਂ ਪੁਲਿਸ ਦੀ ਮਾੜੀ ਕਾਰਗੁਜਾਰੀ ਕਾਰਣ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।