ਬਰਨਾਲਾ: ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ’ਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਘੋਲ ਦੌਰਾਨ ਪੰਜਾਬ ’ਚ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸੇ ਦੌਰਾਨ ਦਿੱਲੀ ਮੋਰਚੇ ’ਚ ਹਾਜ਼ਰ ਕਿਸਾਨਾਂ ਦੀਆਂ ਫ਼ਸਲਾਂ ਦੀ ਸਾਂਭ ਸੰਭਾਲ ਸਥਾਨਕ ਕਿਸਾਨਾਂ ਵਲੋਂ ਜੱਥੇਬੰਦੀਆਂ ਦੀ ਅਗਵਾਈ ’ਚ ਕੀਤੀ ਜਾ ਰਹੀ ਹੈ। ਜਿਸ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਮੋਹਰੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਕਣਕ ਦੀ ਫਸਲ ਕਿਸਾਨਾਂ ਵੱਲੋਂ ਮਿਲ ਕੇ ਕਟਾਈ ਕੀਤੀ ਗਈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਗਾਗੇਵਾਲ ਵਿਖੇ ਕਿਸਾਨ ਆਗੂ ਧਨੇਰ ਦੀ ਤਿੰਨ ਏਕੜ ਏਕੜ ਕਣਕ ਦੀ ਪੱਕੀ ਫ਼ਸਲ ਨੂੰ ਕਿਸਾਨਾਂ ਵੱਲੋਂ ਮਿਲ ਕੇ ਸੰਭਾਲੀ ਗਈ ਹੈ।
ਸਥਾਨਕ ਕਿਸਾਨਾਂ ਨੇ ਸਾਂਭੀ ਕਿਸਾਨਾਂ ਦੀ ਫਸਲਾਂ
ਕਿਸਾਨ ਜਥੇਬੰਦੀ ਦੇ ਆਗੂਆਂ ਮਲਕੀਤ ਸਿੰਘ ਈਨਾ ਅਤੇ ਜੱਗਾ ਸਿੰਘ ਛਾਪਾ ਨੇ ਕਿਹਾ ਕਿ ਮੋਦੀ ਹਕੂਮਤ ਦੀ ਹਰ ਚੁਣੌਤੀ ਸਵੀਕਾਰ ਹੈ। ਹਕੂਮਤ ਨੂੰ ਲੱਗਦਾ ਸੀ ਕਿ ਵਾਢੀ ਦੇ ਸੀਜ਼ਨ ਦੌਰਾਨ ਕਿਸਾਨ ਫ਼ਸਲਾਂ ਕੱਟਣ ਲਈ ਘਰਾਂ ਨੂੰ ਦਿੱਲੀ ਤੋਂ ਪਰਤ ਜਾਣਗੇ। ਪਰ ਕਿਸਾਨ ਜਥੇਬੰਦੀਆਂ ਦੇ ਏਕਤਾ ਕਾਰਨ ਇਹ ਕਾਰਜ ਵੀ ਕਿਸਾਨਾਂ ਨੇ ਸੌਖਾਲਾ ਕਰ ਲਿਆ ਹੈ। ਦਿੱਲੀ ਮੋਰਚੇ ’ਚ ਹਾਜ਼ਰ ਕਿਸਾਨਾਂ ਦੀ ਫ਼ਸਲ ਖੇਤਾਂ ਵਿੱਚੋਂ ਵੱਢਣ ਅਤੇ ਮੰਡੀ ’ਚ ਵੇਚਣ ਤੋਂ ਲੈ ਕੇ ਤੂੜੀ ਵਗੈਰਾ ਸਾਂਭਣ ਦੇ ਕੰਮ ਮਿਲ ਕੇ ਸਥਾਨਕ ਕਿਸਾਨਾਂ ਵਲੋਂ ਨੇਪਰੇ ਚਾੜੇ ਗਏ ਹਨ। ਇਸੇ ਤਹਿਤ ਕਿਸਾਨ ਆਗੂ ਮਨਜੀਤ ਧਨੇਰ ਦੀ ਫ਼ਸਲ ਕੱਟ ਕੇ ਸੰਭਾਲ ਲਈ ਗਈ ਹੈ।
ਕਿਸਾਨੀ ਘੋਲ ਰਹੇਗਾ ਲਗਾਤਾਰ ਜਾਰੀ- ਕਿਸਾਨ ਆਗੂ
ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਇਹ ਕਿਸਾਨੀ ਘੋਲ ਆਪਣੇ ਹੱਕੀ ਮੰਗਾਂ ਦੀ ਪੂਰਤੀ ਤੱਕ ਜਾਰੀ ਰਹਿਣ ਵਾਲਾ ਹੈ। ਤਿੰਨ ਖੇਤੀ ਵਿਰੋਧੀ ਕਾਨੂੰਨ, ਬਿਜਲੀ ਸੋਧ ਬਿਲ -2020, ਪਰਾਲੀ ਸਾੜਨ ਦੇ ਜ਼ੁਰਮਾਨੇ ਵਾਲਾ ਆਰਡੀਨੈਂਸ ਰੱਦ ਕਰਨ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੈ। ਇਸ ਮੌਕੇ ਪਿੰਡ ਗਾਗੇਵਾਲ ਦੇ ਕਿਸਾਨ ਆਗੂ ਅਮਰਜੀਤ ਸਿੰਘ, ਜਸਵੀਰ ਸਿੰਘ ਜੱਸੀ, ਹਰਦੇਵ ਸਿੰਘ, ਰਵਿੰਦਰ ਸਿੰਘ ਧਨੇਰ, ਹਰਜੋਤ ਸਿੰਘ ਛਾਪਾ ਅਤੇ ਲੱਕੀ ਵਿਰਕ ਲੋਹਗੜ ਆਦਿ ਆਗੂ ਵੀ ਹਾਜ਼ਰ ਸਨ।
ਇਹ ਵੀ ਪੜੋ: ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਗੈਰ ਕਾਨੂੰਨੀ ਹਥਿਆਰ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼