ਬਰਨਾਲਾ: ਨਗਰ ਕੌਂਸਲ ਦੀਆਂ ਚੋਣਾਂ ਪੰਜਾਬ ਵਿੱਚ ਨਜ਼ਦੀਕ ਆਉਣ ਕਾਰਨ ਸਿਆਸੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਤਹਿਤ ਮੌਜੂਦਾ ਕਾਂਗਰਸ ਦੀ ਸਰਕਾਰ ਵੱਲੋਂ ਵੀ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਵੱਖ-ਵੱਖ ਏਰੀਏ ਦੇ ਚੋਣ ਅਬਜ਼ਰਬਰ ਚੁਣ ਕੇ ਨਗਰ ਕੌਂਸਲ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਭੇਜ ਦਿੱਤਾ ਹੈ। ਇਸ ਦੇ ਤਹਿਤ ਵਿਧਾਨ ਸਭਾ ਹਲਕਾ ਭਦੌੜ ਅਧੀਨ ਪੈਂਦੇ ਨਗਰ ਕੌਂਸਲ ਦੀਆਂ ਚੋਣਾਂ ਦੇ ਸਬੰਧ ਵਿੱਚ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਰਸ਼ਨ ਸਿੰਘ ਬੀਰਮੀ ਅਤੇ ਹਲਕਾ ਭਦੌੜ ਦੇ ਸਰਗਰਮ ਕਾਂਗਰਸੀ ਬੀਬੀ ਸੁਰਿੰਦਰ ਕੌਰ ਵਾਲੀਆ ਨੇ ਪੁਰਾਣੇ ਜਿੱਤੇ ਹੋਏ ਐਮਸੀ ਅਤੇ ਕਾਂਗਰਸੀ ਵਰਕਰਾਂ ਦੀ ਇਕ ਮੀਟਿੰਗ ਕੀਤੀ।
ਉਨ੍ਹਾਂ ਇਸ ਸਮੇਂ ਕਾਂਗਰਸੀ ਵਰਕਰਾਂ ਅਹੁਦੇਦਾਰਾਂ ਅਤੇ ਚੋਣ ਲੜਨ ਦੇ ਵਿਅਕਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕੀ 5 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਨਗਰ ਕੌਂਸਲ ਚੋਣਾਂ ਦੇ ਚੇਅਰਮੈਨ ਲਾਲ ਸਿੰਘ ਅਤੇ ਕੈਪਟਨ ਸੰਦੀਪ ਸੰਧੂ ਨੇ ਮੀਟਿੰਗ ਕਰਕੇ ਉਨ੍ਹਾਂ ਨੂੰ ਆਦੇਸ਼ ਜਾਰੀ ਕੀਤੇ ਹਨ। ਇਸ 'ਤੇ ਅਮਲ ਕਰਦਿਆਂ ਉਨ੍ਹਾਂ ਵੱਲੋਂ ਵੱਖ-ਵੱਖ ਸ਼ਹਿਰਾਂ ਅੰਦਰ ਨਗਰ ਕੌਂਸਲ ਵੋਟਾਂ ਸਬੰਧੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਬੇਸ਼ੱਕ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਕਰਵਾਉਣ ਦੀ ਪੱਕੀ ਮਿਤੀ ਐਲਾਨ ਨਹੀਂ ਕੀਤੀ ਗਈ ਹੈ। ਪਰ ਫਿਰ ਵੀ 10 ਫਰਵਰੀ ਤੋਂ 20 ਫਰਵਰੀ ਤੱਕ ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਚੋਣਾਂ ਕਰਵਾਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜੋ ਵੀ ਉਮੀਦਵਾਰ ਜਿਸ ਵਾਰਡ ਵਿਚੋਂ ਖੜ੍ਹਨ ਦੇ ਚਾਹਵਾਨ ਹਨ ਉਹ ਉਮੀਦਵਾਰ 12 ਫਰਵਰੀ ਤੋਂ ਪਹਿਲਾਂ ਸਾਨੂੰ ਆਪਣੇ ਫਾਰਮ ਜਮ੍ਹਾਂ ਕਰਵਾ ਦੇਣ ਅਤੇ ਜਨਰਲ ਉਮੀਦਵਾਰ ਦੀ ਕਾਂਗਰਸ ਪਾਰਟੀ ਵੱਲੋਂ ਫੀਸ 7000 ਅਤੇ ਸ਼ਡਿਊਲ ਕਾਸਟ ਦੀ ਫ਼ੀਸ 3700 ਰੁਪਏ ਰੱਖੀ ਗਈ ਹੈ। ਜੋ ਕਿ ਫਾਰਮਾਂ ਦੇ ਨਾਲ ਉਮੀਦਵਾਰ ਨੂੰ ਕਾਂਗਰਸ ਪਾਰਟੀ ਨੂੰ ਜਮ੍ਹਾਂ ਕਰਵਾਉਣੀ ਹੋਵੇਗੀ। ਇਸ ਵਾਰਡ ਵਿੱਚੋਂ 2 ਉਮੀਦਵਾਰ ਫਾਰਮ ਭਰਨਗੇ ਉਨ੍ਹਾਂ ਵਿੱਚੋਂ ਸਹਿਮਤੀ ਕਰਵਾ ਕੇ ਹੀ ਦੋਨਾਂ ਦੀ ਸਹਿਮਤੀ ਨਾਲ ਇੱਕ ਨੂੰ ਟਿਕਟ ਦਿੱਤੀ ਜਾਵੇਗੀ।
ਇਸ ਮੌਕੇ ਦਰਸ਼ਨ ਸਿੰਘ ਬੀਰਮੀ ਅਤੇ ਸੁਰਿੰਦਰ ਕੌਰ ਵਾਲੀਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਭਦੌੜ ਹਲਕਾ ਇੰਚਾਰਜ ਪੱਖੋਂ ਵਾਂਝਾ ਰਿਹਾ ਹੈ। ਪਰ ਹੁਣ ਉਨ੍ਹਾਂ ਬੀਬੀ ਸੁਰਿੰਦਰ ਕੌਰ ਵਾਲੀਆ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਭਦੌੜ ਦੇ ਹਲਕਾ ਇੰਚਾਰਜ ਦੇ ਤੌਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਕਮੀ ਜਾਂ ਪਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।