ਬਰਨਾਲਾ: ਸੰਗਰੂਰ ਜ਼ਿਲ੍ਹੇ ਵਿੱਚ ਜਿੱਥੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਪਰਿਵਾਰ ਦੀ ਬਗ਼ਾਵਤ ਕਾਰਨ ਦੋਫ਼ਾੜ ਹੋ ਚੁੱਕਿਆ ਹੈ, ਉਥੇ ਹੁਣ ਬਰਨਾਲਾ ਵਿੱਚ ਕਾਂਗਰਸ ਪਾਰਟੀ ਵਿੱਚ ਪਾੜ ਪੈਣਾ ਸ਼ੁਰੂ ਹੋ ਗਿਆ ਹੈ। ਬਰਨਾਲਾ ਜ਼ਿਲ੍ਹੇ ਦੇ ਟਕਸਾਲੀ ਕਾਂਗਰਸੀ ਆਗੂਆਂ ਨੇ ਬਰਨਾਲਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਖਿਲਾਫ਼ ਮੋਰਚਾ ਖੋਲ ਦਿੱਤਾ ਹੈ।
ਬਾਗੀ ਕਾਂਗਰਸੀ ਆਗੂਆਂ ਨੇ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਬਰਨਾਲਾ ਦਾ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਥਾਂ ਇੱਕ ਹੋਰ ਕਾਂਗਰਸੀ ਆਗੂ ਨੂੰ ਲਗਾਇਆ ਜਾਵੇ ਅਤੇ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਲਈ ਇੰਚਾਰਜ ਨਿਯੁਕਤ ਕੀਤਾ ਜਾਵੇ। ਬਾਗੀ ਆਗੂਆਂ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਵਲੋਂ ਪੁਰਾਣੇ ਅਤੇ ਮਿਹਨਤੀ ਕਾਂਗਰਸੀ ਆਗਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਬਾਗੀ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਾਂਗਰਸ ਹਾਈ ਕਮਾਂਡ ਕੇਵਲ ਸਿੰਘ ਢਿੱਲੋਂ ਨੂੰ ਬਰਨਾਲਾ ਦੇ ਹਲਕਾ ਇੰਚਾਰਜ ਤੋਂ ਨਹੀਂ ਹਟਾਉਂਦੀ ਤਾਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਾਗੀ ਆਗੂ ਆਪਣਾ ਉਮੀਦਵਾਰ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਖੜਾ ਕਰਨਗੇ।
ਬਾਗੀ ਟਕਸਾਲੀ ਕਾਂਗਰਸੀ ਆਗੂ ਹਰਦੇਵ ਸਿੰਘ ਲੀਲਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਜਤਿੰਦਰ ਕੁਮਾਰ ਐਡਵੋਕੇਟ ਜ਼ਿਲਾ ਮੀਤ ਕਾਂਗਰਸ, ਰਾਜਵੰਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ, ਸੁਖਵਿੰਦਰ ਸਿੰਘ ਕਲਕੱਤਾ ਜਨਰਲ ਸਕੱਤਰ ਪੰਜਾਬ ਕਾਂਗਰਸ ਕਿਸਾਨ ਸੈੱਲ ਨੇ ਇਸ ਮਾਮਲੇ ’ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਪੁਰਾਣੇ ਸਮੇਂ ਤੋਂ ਹੀ ਕਾਂਗਰਸ ਨਾਲ ਜੁੜੇ ਰਹੇ ਹਨ ਅਤੇ ਅਕਾਲੀ ਭਾਜਪਾ ਦੀ ਸਰਕਾਰ ਵੇਲੇ ਵੀ ਉਨਾਂ ਕਾਂਗਰਸ ਪਾਰਟੀ ਲਈ ਡਾਗਾਂ ਵੀ ਖਾਧੀਆਂ ਹਨ। 10 ਸਾਲ ਪੰਜਾਬ ’ਚ ਅਕਾਲੀ-ਭਾਜਪਾ ਸਰਕਾਰ ਰਹੀ ਅਤੇ ਉਹਨਾਂ ਨੇ ਅਕਾਲੀਆਂ ਦੀਆਂ ਧੱਕੇਸ਼ਾਹੀਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸਾਹਮਣਾ ਵੀ ਕੀਤਾ।
ਇਹ ਵੀ ਪੜੋ: ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ
ਪਰ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਨੂੰ 3 ਸਾਲ ਹੋ ਗਏ ਹਨ ਅਤੇ ਹੁਣ ਵੀ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੋ ਰਹੀ ਅਤੇ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਵੀ ਉਨਾਂ ’ਤੇ ਨਾਜਾਇਜ਼ ਪਰਚੇ ਪਾਏ ਜਾ ਰਹੇ ਹਨ। ਅੱਜ ਜੇ ਟਕਸਾਲੀ ਕਾਂਗਰਸ ਪਾਰਟੀ ਛੱਡ ਰਹੇ ਹਨ ਤਾਂ ਉਨਾਂ ਨੂੰ ਰੋਕਣ ਦੀ ਕੋਈ ਕੋਸ਼ਿਸ ਨਹੀਂ ਕੀਤੀ ਜਾ ਰਹੀ। ਇਹ ਕਿਸੇ ਵੱਡੀ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਜ਼ਿਲੇ ਨੂੰ ਚਲਾ ਰਹੇ ਕੇਵਲ ਸਿੰਘ ਢਿੱਲੋਂ ਵਲੋਂ ਪੁਰਾਣੇ ਵਰਕਰਾਂ ਨਾਲ ਦੂਰੀ ਬਣਾਈ ਜਾ ਰਹੀ ਹੈ। ਇਹ ਜਾਂਚ ਦੀ ਗੱਲ ਹੈ ਜੋ ਉਹਨਾਂ ਦੇ ਇਲਾਕਿਆਂ ਵਿੱਚ ਗ੍ਰਾਂਟਾਂ ਆਈਆਂ ਹਨ, ਉਹਨਾਂ ਨੂੰ ਲਗਾਉਣ ਨਹੀਂ ਦਿੱਤਾ ਜਾ ਰਿਹਾ। ਜਦੋਂ ਅਹੁਦੇ ਵੰਡਣ ਦੀ ਗੱਲ ਹੁੰਦੀ ਹੈ ਤਾਂ ਕੇਵਲ ਸਿੰਘ ਢਿੱਲੋਂਂ ਨੇ ਬਰਨਾਲਾ ਵਿਚ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਆਪਣੇ ਪੁੱਤਰ ਨੂੰ ਦੇ ਕੇ ਪੁਰਾਣੇ ਸੀਨੀਅਰ ਆਗੂਆਂ ਦੀ ਬੇਇੱਜ਼ਤੀ ਕੀਤੀ ਹੈ। ਅੱਜ ਪਾਰਟੀ ਪੁਰਾਣੇ ਵਰਕਰਾਂ ਦੀ ਕਦਰ ਨਹੀਂ ਕਰ ਰਹੀ।