ਬਰਨਾਲਾ: ਜ਼ਿਲ੍ਹੇ ਦੇ ਧਨੌਲਾ ਵਿੱਚ ਸੂਰਾਂ ਵਿੱਚ ਅਫ਼ਰੀਕਨ ਸਵਾਈਨ ਬੁਖਾਰ (African swine fever) ਦੇ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਵਾਇਰਸ ਧਨੌਲਾ ਦੀ ਦਾਣਾ ਮੰਡੀ ਨੇੜੇ ਇੱਕ ਬਸਤੀ ਵਿੱਚ ਘਰੇਲੂ ਸੂਰਾਂ ਵਿੱਚ ਪਾਇਆ ਗਿਆ ਹੈ।
ਇਹ ਵੀ ਪੜੋ: ਡਾਕਾ ਮਾਰਨ ਦੀ ਤਿਆਰੀ ਕਰ ਰਹੇ ਗੈਂਗਸਟਰ ਗਰੁੱਪ ਦੇ ਚਾਰ ਮੈਂਬਰ ਕਾਬੂ
ਸੂਰਾਂ ਦੇ ਮੀਟ ਉੱਤੇ ਪਾਬੰਦੀ: ਬਰਨਾਲਾ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਲਏ ਸੈਂਪਲਾਂ ਨੂੰ ਜਾਂਚ ਲਈ ਭੋਪਾਲ ਦੇ ਭਾਰਤੀ ਕ੍ਰਿਸ਼ੀ ਖੋਜ ਕੌਸ਼ਲ ਨੂੰ ਭੇਜਿਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਫ਼ਰੀਕਨ ਸਵਾਈਨ ਬੁਖਾਰ (African swine fever) ਦੀ ਪੁਸ਼ਟੀ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਹਰਕਤ ਵਿੱਚ ਆ ਗਿਆ ਹੈ। ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰ ਦੇ 1 ਕਿਲੋਮੀਟਰ ਦੇ ਖੇਤਰ ਨੂੰ ਸੰਕ੍ਰਮਿਤ ਜੋਨ ਐਲਾਨ ਦਿੱਤਾ ਹੈ। ਇਸ ਜੋਨ ਵਿਚਲੇ ਸੂਰਾਂ ਦੇ ਵੇਚਣ ਤੇ ਮੀਟ ਬਨਾਉਣ ਤੇ ਪਾਬੰਦੀ ਲਗਾ ਦਿੱਤੀ ਹੈ। ਜਦਕਿ ਇਸ ਖੇਤਰ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਸੂਰਾਂ ਦਾ ਸਰਵੇ ਕੀਤਾ ਗਿਆ ਹੈ, ਜਿਸ ਵਿੱਚ 86 ਸੂਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਸੂਰਾਂ ਨੂੰ ਕਲਿੰਗ (ਖਤਮ) ਕੀਤਾ ਜਾ ਰਿਹਾ ਹੈ। ਇਹਨਾਂ ਸੂਰਾਂ ਦੇ ਮਾਲਕਾਂ ਨੂੰ ਪੰਜਾਬ ਸਰਕਾਰ ਮੁਆਵਜ਼ਾ ਦੇਵੇਗੀ।
ਇਸ ਮੌਕੇ ਗੱਲਬਾਤ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਲਖਬੀਰ ਸਿੰਘ ਅਤੇ ਡਾਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿੱਚ ਸੂਰਾਂ ਦੇ ਸੈਂਪਲ ਲਏ ਗਏ ਸਨ। ਜਿਸ ਦੀ ਜਾਂਚ ਰਿਪੋਰਟ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੀ ਸੂਰ ਰੋਗ ਸੰਸਥਾ ਤੋਂ ਆਈ ਹੈ ਅਤੇ ਇਸ ਰਿਪੋਰਟ ਵਿੱਚ ਇਨ੍ਹਾਂ ਸੂਰਾਂ ਵਿੱਚ ਅਫ਼ਰੀਕਨ ਸਵਾਈਨ ਬੁਖਾਰ (African swine fever) ਦਾ ਵਾਇਰਸ ਪਾਇਆ ਗਿਆ ਹੈ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਪਸ਼ੂ ਪਾਲਣ ਵਿਭਾਗ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੰਟੇਨਮੈਂਟ ਜ਼ੋਨ ਐਲਾਨ: ਉਹਨਾਂ ਦੱਸਿਆ ਕਿ ਨਿਯਮਾਂ ਮੁਤਾਬਕ ਸੂਰਾਂ ਵਿੱਚ ਜਿੱਥੇ ਇਹ ਵਾਇਰਸ ਪਾਇਆ ਗਿਆ ਹੈ, ਉਸ ਥਾਂ ਤੋਂ 1 ਕਿਲੋਮੀਟਰ ਦੇ ਘੇਰੇ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਵੱਖ-ਵੱਖ ਟੀਮਾਂ ਬਣਾ ਕੇ ਸੂਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਇਸ ਜ਼ੋਨ ਵਿੱਚ 86 ਸੂਰ ਪਾਏ ਗਏ ਹਨ, ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਕਲਿੰਗ (ਮਾਰਿਆ) ਜਾ ਰਿਹਾ ਹੈ। ਹੁਣ ਤੱਕ 45 ਸੂਰਾਂ ਨੂੰ ਕਲਿੰਗ ਕੀਤਾ ਜਾ ਚੁੱਕਾ ਹੈ। ਇਸ ਇਲਾਕੇ 'ਚੋਂ ਸੂਰ ਦਾ ਮਾਸ ਆਦਿ ਵੇਚਣ 'ਤੇ ਪਾਬੰਦੀ ਲਗਾਈ ਗਈ ਹੈ ਤਾਂ ਜੋ ਇਹ ਵਾਇਰਸ ਹੋਰ ਨਾ ਫੈਲੇ।
ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਕੁੱਲ 1477 ਸੂਰ ਹਨ, ਜਿਨ੍ਹਾਂ ਦੇ ਇਸ ਵਾਇਰਸ ਸਬੰਧੀ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਸੂਰ ਇਸ ਵਾਇਰਸ ਕਾਰਨ ਕਲਿੰਗ (ਖਤਮ) ਕੀਤੇ ਜਾ ਰਹੇ ਹਨ, ਉਨ੍ਹਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ।