ਬਰਨਾਲਾ: ਹੁਣ ਮਾਲ ਵਿਭਾਗ ਨਾਲ ਸਬੰਧਤ ਦਰਖਾਸਤਾਂ ਦੇ ਜਲਦ ਨਿਬੇੜੇ ਦੇ ਨਾਲ-ਨਾਲ ਅਧਿਕਾਰੀਆਂ ਅਤੇ ਆਮ ਲੋਕਾਂ ਵਿੱਚ ਰਾਬਤਾ ਹੋਰ ਵਧੇਗਾ। ਇਸ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਸਰਕਲ ਰੈਵੇਨਿਊ ਅਫ਼ਸਰ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨਾਲ ਰਾਬਤਾ ਵਧਾਉਣਗੇ ਤਾਂ ਜੋ ਮਾਲ ਵਿਭਾਗ ਨਾਲ ਸਬੰਧਤ ਲੋਕ ਮਸਲਿਆਂ ਦਾ ਜਲਦ ਨਿਬੇੜਾ ਹੋ ਸਕੇ।
ਜਾਣਕਾਰੀ ਦਿੰਦਿਆਂ ਐਸਡੀਐਮ ਵਰਜੀਤ ਵਾਲੀਆ ਨੇ ਦੱਸਿਆ ਕਿ ਆਮ ਤੌਰ ’ਤੇ ਦੇਖਣ ਵਿੱਚ ਆਉਂਦਾ ਹੈ ਕਿ ਕਈ ਕਾਰਨਾਂ ਕਰ ਕੇ ਵਸੀਅਤ ਜਾਂ ਹੋਰ ਇੰਤਕਾਲ, ਤਕਸੀਮ ਆਦਿ ਦੇ ਮਸਲੇ ਲਟਕਦੇ ਰਹਿੰਦੇ ਹਨ, ਜਿਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮਸਲਿਆਂ ਦੇ ਹੱਲ ਵਾਸਤੇ ਹੁਣ ਸਰਕਲ ਰੈਵੇਨਿਊ ਅਫ਼ਸਰਾਂ ਨੂੰ ਹਰ ਮਹੀਨੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਪਿੰਡਾਂ ਦੇ ਲੋਕਾਂ ਨਾਲ ਵਾਰੀ ਸਿਰ ਹਰ ਮਹੀਨੇ ਰਾਬਤਾ ਬਣਾਉਣਗੇ ਅਤੇ ਪਿੰਡ ਦੇ ਦੌਰੇ ਦੌਰਾਨ ਹਾਜ਼ਰ ਹੋ ਕੇ ਇੰਤਕਾਲ ਦੀ ਕਾਰਵਾਈ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਸਰਕਲ ਰੈਵੇਨਿਊ ਅਫ਼ਸਰ ਹਰ ਮਹੀਨੇ ਪਿੰਡਾਂ ਦੇ ਦੌਰਿਆਂ ਦਾ ਅਗਾਊਂ ਸ਼ਡਿਊਲ ਤਿਆਰ ਕਰਨਗੇ, ਜਿਸ ਬਾਰੇ ਆਮ ਲੋਕਾਂ ਨੂੰ ਅਗਾਊਂ ਸੂਚਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਲ ਰੈਵੇਨਿਊ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਿੰਡਾਂ ਦੇ ਦੌਰੇ ਦੌਰਾਨ ਆਮ ਲੋਕਾਂ ਨੂੰ ਖਾਨਗੀ ਤਕਸੀਮ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਨਾਲ ਹੀ ਉਨ੍ਹਾਂ ਨੂੰ ਆਦੇਸ਼ ਦਿੱਤੇ ਕਿ ਗਿਰਦਾਵਰੀ ਮੌਕੇ ’ਤੇ ਸਹੀ ਢੰਗ ਨਾਲ ਕੀਤੀ ਜਾਵੇ ਅਤੇ ਸਬੰਧਤ ਹਲਕਾ ਪਟਵਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਸਬੰਧਤ ਪਿੰਡਾਂ ਦੀਆਂ ਸਮੇਂ ਸਿਰ ਗਿਰਦਾਵਰੀਆਂ ਕਰਨ ਅਤੇ ਸਬੰਧਤ ਕਾਨੂੰਗੋ ਵੱਲੋਂ ਸਹੀ ਤਰੀਕੇ ਨਾਲ ਪੜਤਾਲ ਕੀਤੀ ਜਾਵੇ।
ਲੋਕ ਮਸਲਿਆਂ ਦਾ ਸਮਾਂਬੱਧ ਹੱਲ ਪਹਿਲੀ ਤਰਜੀਹ
ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਮਾਲ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਅਤੇ ਦਰਖਾਸਤਾਂ ਦੇ ਸਮਾਂਬੱਧ ਅਤੇ ਪਾਰਦਰਸ਼ੀ ਨਿਬੇੜੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ। ਇਸ ਵਾਸਤੇ ਸਰਕਲ ਰੈਵੇਨਿਊ ਅਫ਼ਸਰਾਂ ਨੂੰ ਪਿੰਡਾਂ ਦੇ ਦੌਰੇ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ।
ਐਸਡੀਐਮ ਵੱਲੋਂ ਪਿੰਡਾਂ ਦਾ ਕੀਤਾ ਗਿਆ ਦੌਰਾ
ਜ਼ਿਲ੍ਹਾ ਪ੍ਰਸ਼ਾਸਨ ਦੀ ਮੁਹਿੰਮ ਤਹਿਤ ਐਸਡੀਐਮ ਵਰਜੀਤ ਵਾਲੀਆ ਵੱਲੋਂ ਪਿੰਡ ਕਲਾਲਾ ਅਤੇ ਚੰਨਣਵਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਲਾਲਾ ਦੇ ਪਟਵਾਰ ਭਵਨ ਵਿਖੇ ਐਸਡੀਐਮ ਦੀ ਹਾਜ਼ਰੀ ਵਿੱਚ ਸੀਆਰਓ ਕਮ ਤਹਿਸੀਲਦਾਰ ਬਰਨਾਲਾ ਹਰਬੰਸ ਸਿੰਘ ਵੱਲੋਂ ਦੋਵਾਂ ਪਿੰਡਾਂ ਨਾਲ ਸਬੰਧਤ ਇੰਤਕਾਲਾਂ ਦਾ ਮੌਕੇ ’ਤੇ ਲੋਕਾਂ ਦੀ ਹਾਜ਼ਰੀ ਵਿੱਚ ਫ਼ੈਸਲਾ ਕੀਤਾ ਗਿਆ। ਇਸ ਮਗਰੋਂ ਵਾਲੀਆ ਨੇ ਪਿੰਡ ਚੰਨਣਵਾਲ ਦੇ ਲੋਕਾਂ ਦੇ ਸਹਿਯੋਗ ਨਾਲ ਬਣੀ ਲਾਇਬ੍ਰੇਰੀ ਅਤੇ ਨਿਰਮਾਣ ਅਧੀਨ ਸਟੇਡੀਅਮ ਦਾ ਦੌਰਾ ਕੀਤਾ।