ਬਰਨਾਲਾ: ਖੇਤੀ ਖੇਤਰ ਲਈ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ‘ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਨਾਅਰੇਬਾਜੀ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਅਣਗਹਿਲੀ ਕਾਰਨ ਬਿਜਲੀ ਸਪਲਾਈ ਨਾ ਮਿਲਣ ਦੇ ਚੱਲਦਿਆਂ ਕਿਸਾਨਾਂ ਦੀਆਂ ‘ਪੁੱਤਾਂ’ ਵਾਂਗ ਪਾਲੀਆਂ ਫਸਲਾਂ ਬਰਬਾਦ ਹੋ ਰਹੀਆ ਹਨ।
![ਕਿਸਾਨਾਂ ਵੱਲੋਂ ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਚੱਕਾ ਜਾਮ](https://etvbharatimages.akamaized.net/etvbharat/prod-images/pb-bnl-roadblockbyfarmerspb10017_19042022191426_1904f_1650375866_847.jpg)
ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ,ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ,ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਗੁਰਜੀਤ ਸਿੰਘ ਸਹਿਜੜ੍ਹਾ,ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ,ਸਕੱਤਰ ਜਗਪਾਲ ਸਿੰਘ ਸਹਿਜੜ੍ਹਾ ਆਦਿ ਨੇ ਕਿਹਾ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਾਰੀ ਕਰਕੇ ਬਿਜਲੀ ਮੁਫ਼ਤ ਦੇਣ ਦੇ ਵਾਅਦੇ ਕਰ ਰਹੀ ਹੈ ਪਰ ਦੂਜੇ ਪਾਸੇ ਖੇਤੀ ਖੇਤਰ ਲਈ ਲੋੜੀਂਦੀ ਬਿਜਲੀ ਸਪਲਾਈ ਪੂਰੀ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਤੇ ਖੇਤੀ ਮਾਹਿਰ ਇਸ ਗੱਲ ‘ਤੇ ਤਾਂ ਜੋਰ ਦਿੰਦੇ ਹਨ ਕਿ ਖੇਤੀ ਵਭਿੰਨਤਾ ਨੂੰ ਅਪਨਾਉਣਾ ਚਾਹੀਦਾ ਹੈ ਪਰ ਜਦ ਕਿਸਾਨ ਖੇਤੀ ਵਭਿੰਨਤਾ ਤਹਿਤ ਮੱਕੀ,ਮੂੰਗੀ,ਸਬਜ਼ੀਆਂ ਵਰਗੀਆਂ ਫਸਲਾਂ ਦੀ ਕਾਸ਼ਤ ਕਰਦੇ ਹਨ ਤਾਂ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਥਾਂ ਉਲਟਾ ਰੋਕਾਂ ਲਾਈਆ ਜਾਂਦੀਆਂ ਹਨ। ਜਿਸਦੀ ਤਾਜ਼ਾ ਉਦਹਾਰਨ ਹੈ ਕਿ ਬਿਜਲੀ ਸਪਲਾਈ ਨਾ ਮਿਲਣ ਕਾਰਨ ਹਰਾ ਚਾਰਾ,ਮੱਕੀ,ਮੂੰਗੀ,ਸਬਜ਼ੀਆਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ।ਅੱਜ ਕਿਸਾਨਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਵਿੱਚ ਇਲਾਕੇ ‘ਚ ਸਰਗਰਮ ਲੱਗਭੱਗ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ।
![ਕਿਸਾਨਾਂ ਵੱਲੋਂ ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਚੱਕਾ ਜਾਮ](https://etvbharatimages.akamaized.net/etvbharat/prod-images/pb-bnl-roadblockbyfarmerspb10017_19042022191426_1904f_1650375866_969.jpg)
ਇਸ ਮੌਕੇ ਸਾਧੂ ਸਿੰਘ,ਕਰਮਜੀਤ ਸਿੰਘ ਛੀਨੀਵਾਲ,ਗੁਰਪ੍ਰੀਤ ਸਿੰਘ,ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ,ਮੇਜਰ ਸਿੰਘ ਜਵੰਧਾ,ਬਲਵਿੰਦਰ ਸਿੰਘ ਬਿੰਦੂ ਆਦਿ ਹਾਜ਼ਰ ਸਨ। ਸਥਾਨਕ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਭਰੋਸਾ ਦੇ ਕੇ ਜਾਮ ਖੁਲਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆ ਗਈਆ ਪਰ ਕਿਸਾਨ ਆਗੂਆਂ ਵੱਲੋਂ ਧਰਨੇ ਦੌਰਾਨ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਪਾਵਰਕਾਮ ਦੇ ਸੀਨੀਅਰ ਅਧਿਕਾਰੀ ਇੱਥੇ ਆ ਕੇ ਬਿਜਲੀ ਸਪਲਾਈ ਦੇਣ ਦਾ ਵਿਸ਼ਵਾਸ਼ ਨਹੀਂ ਦਿਵਾਉਂਦੇ ਤਦ ਤੱਕ ਚੱਕਾ ਜਾਮ ਜਾਰੀ ਰਹੇਗਾ।
ਇਹ ਵੀ ਪੜ੍ਹੋ: ਹਰਿਆਣਾ 'ਚ 'ਆਪ' ਦੀ ਸਰਕਾਰ ਬਣੀ ਤਾਂ ਹਰ ਪਿੰਡ 'ਚ ਪਹੁੰਚੇਗਾ SYL ਦਾ ਪਾਣੀ- ਸੁਸ਼ੀਲ ਗੁਪਤਾ