ਬਰਨਾਲਾ : ਬਰਨਾਲਾ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਹੈ। ਮੀਤ ਹੇਅਰ ਪਿੰਡ ਸੰਘੇੜਾ ਦੀ ਗਊਸ਼ਾਲਾ ਦੇ ਸ਼ੈੱਡ ਅਤੇ ਚਾਰਦੀਵਾਰੀ ਦਾ ਉਦਘਾਟਨ ਕਰਨ ਪਹੁੰਚੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕੇ ਦੇ ਹੋਰ ਕਈ ਪਿੰਡਾਂ ਵਿੱਚ ਲੱਖਾਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣਗੇ। ਉਹਨਾਂ ਕਿਹਾ ਹਲਕੇ ਦੇ ਵੱਡੇ ਪੱਧਰ ਉੱਤੇ ਵਿਕਾਸ ਕਾਰਜ ਹਾਲੇ ਵੀ ਅਧੂਰੇ ਪਏ ਹਨ, ਜਿਸ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਹੈ। ਇਸ ਵਿੱਚ ਪਾਣੀ ਦੀ ਨਿਕਾਸੀ, ਖੇਡ ਮੈਦਾਨ ਸਮੇਤ ਹੋਰ ਬਹੁਤ ਸਮੱਸਿਆਵਾਂ ਹਨ।
ਜਨ ਔਸ਼ਧੀ ਕੇਂਦਰ ਦਾ ਉਦਘਾਟਨ: ਕੈਬਨਿਟ ਮੰਤਰੀ ਵਲੋਂ ਕਮਿਊਨਿਟੀ ਸਿਹਤ ਕੇਂਦਰ ਧਨੌਲਾ ਵਿਖੇ ਜਨ ਔਸ਼ਧੀ ਕੇਂਦਰ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ 4.75 ਲੱਖ ਦੀ ਲਾਗਤ ਨਾਲ ਤਿਆਰ ਇਸ ਜਨ ਔਸ਼ਧੀ ਕੇਂਦਰ ਵਿੱਚ 300 ਤੋਂ ਵੱਧ ਤਰ੍ਹਾਂ ਦੀਆਂ ਜੈਨਰਿਕ ਦਵਾਈਆਂ ਵਾਜਬ ਰੇਟਾਂ 'ਤੇ ਮਿਲਣਗੀਆਂ, ਜਿਸ ਨਾਲ ਮਰੀਜ਼ਾਂ ਨੂੰ ਵੱਡੀ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਨਵੇਂ ਜਨ ਔਸ਼ਧੀ ਕੇਂਦਰ ਨਾਲ ਜ਼ਿਲ੍ਹੇ ਵਿੱਚ ਕੁੱਲ 3 ਕੇਂਦਰ ਹੋ ਗਏ ਹਨ। 2 ਕੇਂਦਰ ਬਰਨਾਲਾ ਵਿੱਚ ਪਹਿਲਾਂ ਤੋਂ ਚੱਲ ਰਹੇ ਹਨ। ਇਸ ਤੋਂ ਇਲਾਵਾ ਜਲ ਸਰੋਤ ਮੰਤਰੀ ਮੀਤ ਹੇਅਰ ਨੇ ਧਨੌਲਾ ਕਲਾਂ ਵਿਖੇ 32.80 ਲੱਖ ਦੀ ਲਾਗਤ ਵਾਲੇ 2332 ਲੰਬਾਈ ਦੇ ਅੰਡਰਗਰਾਊਂਡ ਪਾਈਪਲਾਈਨ ਦੇ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ।
ਉਨ੍ਹਾਂ ਦੱਸਿਆ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਤੇ ਨਹਿਰੀ ਪਾਣੀ ਖੇਤ-ਖੇਤ ਪਹੁੰਚਾਉਣ ਲਈ ਜਲ ਸਰੋਤ ਵਿਭਾਗ ਵਲੋਂ ਕਰੋੜਾਂ ਰੁਪਏ ਦੇ ਕੰਮ ਜ਼ਿਲ੍ਹਾ ਬਰਨਾਲਾ ਵਿੱਚ ਕਰਵਾਏ ਜਾ ਰਹੇ ਹਨ, ਜਿਸ ਵਿਚ ਨਹਿਰੀ ਖਾਲ ਪੱਕੇ ਕਰਵਾਉਣ, ਅੰਡਰਗਰਾਊਂਡ ਪਾਈਪਲਾਈਨ, ਮੋਘੇ ਆਦਿ ਦੇ ਕੰਮ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਧਨੌਲਾ ਦੇ 2 ਸਵੈ ਸੇਵੀ ਗਰੁੱਪਾਂ 'ਕਿਰਤ' ਅਤੇ 'ਸਾਂਝ' ਨੂੰ 10 ਹਜ਼ਾਰ ਰੁਪਏ ਦੇ ਫੰਡ ਦੇ ਮਨਜ਼ੂਰੀ ਪੱਤਰ ਦਿੱਤੇ। ਇਹ ਗਰੁੱਪ ਬੁਣਾਈ ਅਤੇ ਆਚਾਰ ਆਦਿ ਦਾ ਕੰਮ ਸਫਲਤਾਪੂਰਵਕ ਕਰ ਰਹੇ ਹਨ। ਉਹਨਾਂ ਪਿੰਡ ਬਡਬਰ ਵਿਖੇ ਬਨਣ ਵਾਲੇ ਪੰਚਾਇਤ ਭਵਨ ਦਾ ਨੀਂਹ ਪੱਥਰ ਰੱਖਿਆ ਜਿਹੜਾ ਕਿ 35 ਲੱਖ ਰੁਪਏ ਦੇ ਕਰੀਬ ਲਾਗਤ ਨਾਲ ਬਣ ਕੇ ਤਿਆਰ ਹੋਵੇਗਾ।