ਬਰਨਾਲਾ: ਬਰਨਾਲਾ ਦੇ ਕਸਬਾ ਧਨੌਲਾ ਵਿਖੇ ਇੱਕ ਸਾਬਕਾ ਐਮਸੀ ਦੇ ਲੜਕੇ ਅਤੇ ੳਸਦੀ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸਿ਼ਸ ਕੀਤੀ ਗਈ। ਇਹ ਘਟਨਾਕ੍ਰਮ ਇੱਕ ਗਲੀ ਬਨਾੳਣ ਦੇ ਵਿਵਾਦ ਨੂੰ ਲੈ ਕੇ ਹੋਇਆ ਹੈ। ਧਨੌਲਾ ਦੇ ਸਾਬਕਾ ਐਮਸੀ ਦੇ ਲੜਕੇ ਵਲੋਂ ਜਿੱਥੇ ਆਪਣੇ ਉਪਰ ਤੇਲ ਛਿੜਕਿਆ ਗਿਆ, ਉਥੇ ਲੜਕੀ ਵਲੋਂ ਸਪਰੇਅ ਪੀ ਲਈ ਗਈ।
ਜਿਸ ਤੋਂ ਬਾਅਦ ਲੜਕੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ਼ ਲਈ ਦਾਖ਼ਲ ਕੀਤਾ ਗਿਆ ਹੈ। ਇਸ ਘਟਨਾਕ੍ਰਮ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਵੀਡੀਓ ਵਿੱਚ ਕੀਟਨਾਸ਼ਕ ਦਵਾਈ ਪੀਣ ਵਾਲੀ ਲੜਕੀ ਆਪਣੇ ਪਰਿਵਾਰ ਨਾਲ ਧੱਕੇਸ਼ਾਹੀ ਦੇ ਦੋਸ਼ ਲਗਾ ਰਹੀ ਹੈ। ਉਸ ਵੱਲੋਂ ਸੱਤਾਧਿਰ ਆਮ ਆਦਮੀ ਪਾਰਟੀ ਤੇ ਗਲੀ ਨੂੰ ਲੈ ਕੇ ਧੱਕਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਬੇਅੰਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਗਲੀ ਦਾ ਵਿਵਾਦ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਅਤੇ ਨਗਰ ਕੌਂਸਲ ਬਰਨਾਲਾ ਉਹਨਾਂ ਨਾਲ ਧੱਕਾ ਕਰ ਰਹੇ ਹਨ। ਐਸਟੀਮੇਟ ਸਾਰੀ ਗਲੀ ਦਾ ਪਾਸ ਹੋਇਆ ਹੈ, ਪਰ ਉਹਨਾਂ ਦੇ ਘਰ ਤੱਕ ਆਉਂਦੀ ਗਲੀ ਨੂੰ ਛੱਡ ਕੇ ਅੱਧੀ ਗਲੀ ਬਣਾਈ ਜਾ ਰਹੀ ਸੀ।
ਜਿਸ ਕਰਕੇ ਇਸ ਧੱਕੇਸ਼ਾਹੀ ਤੋਂ ਤੰਗ ਆ ਕੇ ਉਸਨੂੰ ਸਪਰੇਅ ਪੀਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਕਿ ਸਾਡੇ ਨਾਲ ਧੱਕੇਸ਼ਾਹੀ ਬੰਦ ਕਰਕੇ ਇਨਸਾਫ਼ ਦਿੱਤਾ ਜਾਵੇ ਅਤੇ ਅੱਧੀ ਗਲੀ ਦੀ ਥਾਂ ਪੂਰੀ ਗਲੀ ਬਣਾਈ ਜਾਵੇ।
ਉਥੇ ਇਸ ਸਬੰਧੀ ਧਨੌਲਾ ਥਾਣੇ ਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਕੋਈ ਮਾਮਲਾ ਦਰਜ਼ ਨਹੀਂ ਹੋਇਆ ਹੈ। ਇਸ ਦੀ ਜਾਂਚ ਪੜਤਾਲ ਕਰਨ ਤੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹੀ ਵੀ ਪੜ੍ਹੋ: ਰੋਪੜ ਪੁਲਿਸ ਵੱਲੋ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰ ਕਾਬੂ