ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ ਦੀਆਂ ਚਾਰ ਕਿਸਾਨ ਕਿਸਾਨ ਜੱਥੇਬੰਦੀਆਂ ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ (ਧਨੇਰ), ਬੀਕੇਯੂ ਕਾਦੀਆਂ ਅਤੇ ਬੀਕੇਯੂ ਡਕੌਂਦਾ (ਬੁਰਜਗਿੱਲ) ਵਲੋਂ ਬੱਸ ਅੱਡੇ ਉਪਰ ਪੁਲ ਅਤੇ ਕਿਸਾਨਾਂ ਉਪਰ ਦਰਜ ਪਰਚਿਆਂ ਦੇ ਮਾਮਲੇ ਵਿੱਚ ਅਹਿਮ ਮੀਟਿੰਗ ਪਿੰਡ ਦੇ ਸ਼ਿਵ ਮੰਦਿਰ ਵਿਖੇ ਕੀਤੀ ਗਈ। ਇਸ ਉਪਰੰਤ ਕਿਸਾਨ ਆਗੂਆਂ 'ਤੇ ਦਰਜ ਪਰਚੇ ਦੇ ਵਿਰੋਧ ਵਿੱਚ 30 ਅਗਸਤ ਨੂੰ ਡੀਐਸਪੀ ਬਰਨਾਲਾ ਦੇ ਦਫ਼ਤਰ ਅੱਗੇ ਧਰਨੇ ਦਾ ਫ਼ੈਸਲਾ ਕੀਤਾ ਗਿਆ ਹੈ।
ਪੁਲ ਨਹੀਂ ਬਣਾਇਆ, ਉਲਟਾ ਪ੍ਰਦਰਸ਼ਨਕਾਰੀਆਂ 'ਤੇ ਕੀਤੇ ਪਰਚੇ: ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਦਰਸ਼ਨ ਸਿੰਘ, ਬਲਵੰਤ ਸਿੰਘ ਨੰਬਰਦਾਰ, ਜਗਤਾਰ ਸਿੰਘ ਥਿੰਦ ਅਤੇ ਦਰਸ਼ਨ ਸਿੰਘ ਗੀਤਕਾਰ ਨੇ ਕਿਹਾ ਕਿ ਪਿੰਡ ਦੇ ਬੱਸ ਅੱਡੇ ਉਪਰ ਗ਼ਲਤ ਰਸਤਾ ਦਿੱਤਾ ਹੋਇਆ ਸੀ। ਇਸ ਕਰਕੇ ਰੋਜ਼ਾਨਾ ਸੜਕ ਹਾਦਸੇ ਵਾਪਰ ਰਹੇ ਸਨ। ਇਸ ਲਈ ਕਣਕ ਦੀ ਥਾਂ ਓਵਰਬ੍ਰਿਜ ਦੀ ਮੰਗ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਤੇ ਪਿੰਡ ਵਾਸੀਆਂ ਨੇ ਸੰਘਰਸ਼ ਕੀਤਾ ਗਿਆ ਸੀ ਅਤੇ ਕਰੀਬ ਤਿੰਨ ਮਹੀਨੇ ਤੱਕ ਹਾਈਵੇ ਉਪਰ ਧਰਨਾ ਲਗਾਇਆ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੁਲ ਬਣਾਉਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਧਰਨਾ ਚੁੱਕ ਲਿਆ, ਪਰ ਬਾਅਦ ਵਿੱਚ ਪ੍ਰਸ਼ਾਸਨ ਨੇ ਪੁਲ ਤਾਂ ਕੀ ਬਣਾਉਣਾ ਸੀ, ਬਲਕਿ ਸੰਘਰਸ਼ ਕਰਨ ਵਾਲੇ ਕਿਸਾਨ ਯੂਨੀਅਨ ਆਗੂਆਂ ਉਪਰ ਪਰਚਾ ਦਰਜ ਕਰ ਦਿੱਤਾ।
ਡੀਸੀ ਵਲੋਂ ਨਹੀਂ ਕੀਤੀ ਗਈ ਕੋਈ ਸੁਣਵਾਈ: ਕਿਸਾਨ ਆਗੂ ਨੇ ਕਿਹਾ ਕਿ ਇਸ ਉਪਰੰਤ ਵੀ ਇਹ ਪਰਚਾ ਰੱਦ ਕਰਵਾਉਣ ਅਤੇ ਪੁਲ ਬਣਾਉਣ ਲਈ ਡੀਸੀ ਬਰਨਾਲਾ ਤੱਕ ਕਈ ਵਾਰ ਪਹੁੰਚ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਜਿਸ ਕਰਕੇ ਹੁਣ ਪਰਚਾ ਰੱਦ ਕਰਵਾਉਣ ਲਈ ਮਜਬੂਰਨ 30 ਅਗਸਤ ਨੂੰ ਬਰਨਾਲਾ ਦੇ ਡੀਐਸਪੀ ਦਫ਼ਤਰ ਅੱਗੇ ਧਰਨਾ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਾਡੀਆਂ ਇਹ ਦੋਵੇਂ ਮੰਗਾਂ ਨਾਲ ਪੂਰੀਆਂ ਕੀਤੀਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਿਵਲ ਤੇ ਪੁਲੀਸ ਪੂਰੀ ਹੋਵੇਗੀ। ਇਸ ਮੌਕੇ ਰਜਿੰਦਰ ਸਿੰਘ ਭੰਗੂ, ਗੁਰਮੀਤ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਵੜੈਚ, ਜਸਵਿੰਦਰ ਸਿੰਘ ਸੋਨੀ, ਜੱਗੀ ਢਿੱਲੋਂ, ਸਵਾਰਜ ਸਿੰਘ, ਪਿਆਰਾ ਸਿੰਘ ਅਤੇ ਬਲਦੇਵ ਸਿੰਘ ਵੀ ਹਾਜ਼ਰ ਰਹੇ।