ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਸੰਘੇੜਾ ਦੀ ਇਕਾਈ ਨੇ ਨਵੇਂ ਲੱਗੇ ਰਹੇ ਚਿੱਪ ਵਾਲੇ ਮੀਟਰਾਂ ਦਾ ਸਖ਼ਤ ਵਿਰੋਧ ਕੀਤਾ ਗਿਆ। ਕਿਸਾਨ ਜੱਥੇਬੰਦੀ ਆਗੂਆਂ ਨੇ ਕਿਹਾ ਕਿ ਇਹ ਪ੍ਰੀਪੇਡ ਕਿਸੇ ਵੀ ਜਨਤਕ ਤੇ ਨਿੱਜੀ ਜਗ੍ਹਾ ਉੱਤੇ ਨਹੀਂ ਲੱਗਣ ਦਿੱਤੇ ਜਾਣਗੇ। ਇਸ ਮੌਕੇ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਪਿੰਡ ਵਿੱਚ ਚਿੱਪ ਵਾਲੇ ਮੀਟਰ ਨਹੀਂ ਲਾਉਣ ਦਿੱਤੇ ਜਾਣਗੇ।
ਲੋਕਾਂ ਦੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਗਾਉਣ ਦੀ ਯੋਜਨਾ : ਅਗਰ ਕੋਈ ਮਹਿਕਮੇ ਦਾ ਅਧਿਕਾਰੀ ਆਉਂਦਾ ਹੈ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ। ਇਸ ਸਮੇਂ ਕਿਸਾਨਾਂ ਤੇ ਪਿੰਡ ਵਾਸੀਆਂ ਨੇ ਸਰਕਾਰ ਪਾਵਰਕੌਮ ਦੇ ਖਿਲਾਫ ਡੱਟ ਕੇ ਨਾਅਰੇਬਾਜ਼ੀ ਕੀਤੀ। ਇਸ ਸਮੇਂ ਕਿਸਾਨ ਆਗੂ ਜਸਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਮਹਿਕਮੇ ਦੇ ਅਧਿਕਾਰੀ ਚਿੱਪ ਵਾਲੇ ਮੀਟਰ ਲਾਉਣ ਵਾਲੇ ਸਨ, ਜਿਸਦੀ ਭਿਣਕ ਪਿੰਡ ਇਕਾਈ ਨੂੰ ਪੈ ਗਈ। ਜਿਸ ਕਾਰਨ ਪਿੰਡ ਦੇ ਕਿਸਾਨ ਇਕੱਤਰ ਹੋ ਗਏ। ਉਹਨਾਂ ਦੱਸਿਆ ਕਿ ਪਾਵਰਕੌਮ ਵੱਲੋ ਪਹਿਲਾਂ ਸਰਕਾਰੀ ਥਾਵਾਂ 'ਤੇ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਬਾਅਦ ਵਿੱਚ ਇਸ ਮੁਹਿੰਮ ਤਹਿਤ ਲੋਕਾਂ ਦੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਗਾਉਣ ਦੀ ਯੋਜਨਾ ਹੈ।
ਪ੍ਰੀਪੇਡ ਮੀਟਰ ਨਹੀਂ ਲਾਏ ਜਾ ਰਹੇ : ਪਰ ਬੀਕੇਯੂ ਡਕੌਂਦਾ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਨਿੱਜੀਕਰਨ ਦੀ ਨੀਤੀ ਤਹਿਤ ਬਿਜਲੀ ਦਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਦੇ ਹੱਥ ਦੇਣ ਲਈ ਚਿੱਪ ਵਾਲੇ ਮੀਟਰ ਲੱਗਾ ਰਹੀ ਹੈ। ਉਹਨਾਂ ਕਿਹਾ ਕਿ 26 ਅਪ੍ਰੈਲ ਨੂੰ ਵੱਡਾ ਇਕੱਠ ਕਰਕੇ ਬਲਾਕ ਪ੍ਰਧਾਨ ਪਰਮਿੰਦਰ ਹੰਡਿਆਇਆ ਦੀ ਅਗਵਾਈ ਵਿੱਚ ਐਕਸੀਅਨ ਬਿਜਲੀ ਬੋਰਡ ਨੂੰ ਇਸ ਬਾਬਤ ਮੰਗ ਪੱਤਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਵਿਚ ਚਿੱਪ ਵਾਲੇ ਮੀਟਰ ਲਾਉਣ ਲਈ ਸੂਬਿਆਂ ਨੂੰ ਹੁਕਮ ਜਾਰੀ ਕੀਤੇ ਹਨ। ਜਿਆਦਾਤਰ ਸੂਬੇ ਕੇਂਦਰ ਦੇ ਆਖੇ ਲੱਗ ਕੇ ਧੜਾਧੜ ਮੀਟਰ ਲਾ ਰਹੇ ਹਨ। ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਹ ਸਮਾਰਟ ਮੀਟਰ ਲਾ ਰਹੀ ਹੈ ਤੇ ਪ੍ਰੀਪੇਡ ਮੀਟਰ ਨਹੀਂ ਲਾਏ ਜਾ ਰਹੇ ਹਨ। ਹਾਲਾਂਕਿ ਕਿਸਾਨ ਜਥੇਬੰਦੀਆਂ ਦਾ ਦਾਅਵਾ ਹੈ ਕਿ ਇਨ੍ਹਾਂ ਵਿਚ ਹੀ ਚਿੱਪ ਪਾ ਕੇ ਪ੍ਰੀਪੇਡ ਮੀਟਰ ਬਣਾ ਦਿੱਤੇ ਜਾਣਗੇ। ਉਧਰ, ਕਿਸਾਨ ਜਥੇਬੰਦੀਆਂ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਦਾ ਮਕਸਦ ਨਿੱਜੀਕਰਨ ਦੇ ਕੁਹਾੜੇ ਨਾਲ ਬਿਜਲੀ ਮੁਲਾਜ਼ਮਾਂ ਦੀ ਛਾਂਟੀ ਕਰਨੀ ਹੈ ਅਤੇ ਬਿਜਲੀ ਹੋਰ ਮਹਿੰਗੇ ਹੋ ਜਾਵੇਗੀ।ਉਨ੍ਹਾਂ ਕਿਹਾ ਹੈ ਕਿ ਬਹਾਨਾ ਹੋਰ ਹੈ, ਨਿਸ਼ਾਨਾ ਹੋਰ ਹੈ।
ਇਹ ਵੀ ਪੜ੍ਹੋ : ਬੇਅਦਬੀ ਦੀ ਘਟਨਾ ਖ਼ਿਲਾਫ਼ ਪਟਿਆਲਾ ਦੇ ਫੁਹਾਰਾ ਚੌਂਕ 'ਚ ਪ੍ਰਦਰਸ਼ਨ, ਪ੍ਰਦਰਸ਼ਨਕਾਰੀਆਂ ਨੇ ਸਜ਼ਾ-ਏ-ਮੌਤ ਦੀ ਕੀਤੀ ਮੰਗ
ਇਕਾਈ ਪ੍ਰਧਾਨ ਮੇਜਰ ਸਿੰਘ ਸੰਘੇੜਾ ਨੇ ਚਿਤਾਵਨੀ ਦਿੱਤੀ ਕਿ ਭਵਿੱਖ ਚ ਵੀ ਜੱਥੇਬੰਦੀ ਵੱਲੋ ਚਿੱਪ ਵਾਲੇ ਮੀਟਰ ਲਗਾਉਣ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਗੁਰਜੰਟ ਸੰਘੇੜਾ, ਦਰਸ਼ਨ ਸੰਘੇੜਾ, ਬਲਜਿੰਦਰ ਵਿੱਕੀ, ਮਿੱਠੂ ਸਿੰਘ, ਨਾਜਰ ਸਿੰਘ,ਭੋਲਾ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ, ਪਾਲ ਸਿੰਘ, ਮੁਖਤਿਆਰ ਸਿੰਘ, ਬਲਬੀਰ ਸਿੰਘ, ਜਗਜੀਤ ਸਿੰਘ, ਕਰਮਜੀਤ ਸਿੰਘ, ਭੂਰਾ ਸਿੰਘ ਆਦਿ ਕਿਸਾਨ ਆਗੂ ਤੇ ਹੋਰ ਪਿੰਡ ਵਾਸੀ ਹਾਜਰ ਸਨ।