ਬਰਨਾਲਾ : ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ੁੱਕਰਵਾਰ ਨੂੰ ਹੰਡਿਆਇਆ ਰੋਡ 'ਤੇ ਬਣਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਪਾਰਟੀ ਦਫਤਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਤਰਫੋਂ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਜ਼ਿਲ੍ਹਾ ਪੱਧਰ 'ਤੇ ਦਫ਼ਤਰ ਬਣਾਏ ਜਾ ਰਹੇ ਹਨ ਤਾਂ ਜੋ ਲੋਕ ਆਪਣੀਆਂ ਸਮੱਸਿਆਵਾਂ ਪਾਰਟੀ ਦਫ਼ਤਰ ਤੱਕ ਪਹੁੰਚਾ ਕੇ ਉਨ੍ਹਾਂ ਦਾ ਹੱਲ ਕਰਵਾ ਸਕਣ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਦਫ਼ਤਰ ਬਣਨ ਲਈ ਪਾਰਟੀ ਵਰਕਰ ਵੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਦਫ਼ਤਰ ਤੋਂ ਬਿਨਾਂ ਕੰਮ-ਕਾਜ ਚਲਾਉਣ 'ਚ ਭਾਰੀ ਮੁਸ਼ਕਲ ਆ ਰਹੀ ਸੀ।
2024 'ਚ ਭਾਜਪਾ ਦੀ ਜਿੱਤ: ਇਸ ਮੌਕੇ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ਼ ਹੋਰ ਵੀ ਉੱਪਰ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਦੀ ਇਮਾਰਤ ਬਹੁਤ ਹੀ ਹਾਈਟੈਕ ਹੋਵੇਗੀ। ਉਨ੍ਹਾ ਕਿਹਾ ਕਿ ਲੋਕ ਭਾਜਪਾ ਦੀਆਂ ਨੀਤੀਆਂ ਨੂੰ ਸਮਝ ਰਹੇ ਹਨ ਅਤੇ ਲਗਾਤਾਰ ਪਾਰਟੀ ਨਾਲ ਜੁੜ ਰਹੇ ਹਨ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਹੋਵੇਗੀ। ਕਿਓਂਕਿ ਜਿੰਨਾਂ ਲੋਕਾਂ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਦੇ ਕੇ ਪੰਜਾਬ 'ਚ 'ਆਪ' ਦੀ ਸਰਕਾਰ ਬਣਾਈ ਹੁਣ ਪੰਜਾਬ ਦੇ ਉਹ ਲੋਕ , ਜੋ ਹੁਣ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਉਹ ਇਹ ਬਦਲਾਅ ਮੁੜ ਲਿਆਉਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਤੋਂ ਲਾਹੁਣਗੇ।
ਕਾਨੂੰਨ ਦੀ ਸਥਿਤੀ : ਇਸ ਮੌਕੇ ਪੰਜਾਬ ਸਰਕਾਰ ਦੇ 1 ਸਾਲ ਪੂਰਾ ਹੋਣ 'ਤੇ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਅੱਜ ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਹੋਣਹਾਰ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕੇਸ 'ਚ ਨਾਮਜ਼ਦ ਇੱਕ ਗੈਂਗਸਟਰ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਨਾ ਸਿਰਫ਼ ਕਾਨੂੰਨ ਦੀਆਂ ਵਿਵਸਥਾਵਾਂ 'ਤੇ ਸਵਾਲ ਖੜ੍ਹੇ ਕਰਦਾ ਹੈ ਸਗੋਂ ਨਿਆਂਪਾਲਿਕਾ ਦੇ ਨਿਯਮਾਂ ਦੇ ਵੀ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਕਤਲੋਗਾਰਤ ਹੋ ਰਹੀ ਹੈ ਅਤੇ ਦੂਜੇ ਪਾਸੇ ਜੇਲਾਂ ਵਿੱਚ ਵੀ ਕਤਲ ਹੋ ਰਹੇ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਇਸਤੋਂ ਪਹਿਲਾਂ ਕਿ ਏਨੀ ਮਾੜੀ ਨਹੀਂ ਹੋਈ ਸੀ ਜਿੰਨੀ ਹੁਣ ਹੋ ਚੁਕੀ ਹੈ।
ਇਹ ਵੀ ਪੜ੍ਹੋ : Search Opration Amritpal Live Updates: ਅੰਮ੍ਰਿਤਪਾਲ ਸਿੰਘ ਫ਼ਰਾਰ, ਪੂਰੇ ਪੰਜਾਬ ਵਿੱਚ ਸਰਚ ਆਪ੍ਰੇਸ਼ਨ ਜਾਰੀ
ਉੱਤਰ ਪ੍ਰਦੇਸ਼ ਵਰਗੇ ਰਾਜ: ਕੁਝ ਸਮਾਂ ਪਹਿਲਾਂ ਯੂਪੀ ਨੂੰ ਗੈਂਗਸਟਰਾਂ ਦਾ ਗੜ੍ਹ ਕਿਹਾ ਜਾਂਦਾ ਸੀ ਪਰ ਜਦੋਂ ਤੋਂ ਮੁੱਖ ਮੰਤਰੀ ਯੋਗੀ ਆਏ ਹਨ ਉਦੋਂ ਤੋਂ ਹੀ ਗੈਂਗਸਟਰਾਂ ਦੀ ਹੋਂਦ ਖ਼ਤਰੇ 'ਚ ਆ ਗਈ ਹੈ, ਪਰ ਪੰਜਾਬ 'ਚ ਇਸ ਦੇ ਬਿਲਕੁਲ ਉਲਟ ਹੈ। ਗ੍ਰਹਿ ਮੰਤਰਾਲੇ ਤੇ ਜੇਲ੍ਹ ਵਿਭਾਗ ਸੰਭਾਲਣ ਵਾਲੇ ਭਗਵੰਤ ਮਾਨ ਨੂੰ ਇਨ੍ਹਾਂ ਵਿਭਾਗਾਂ ਦੀ ਗੰਭੀਰਤਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰੀ ਤੇ ਆਮ ਵਰਗ ਡਰ ਦੇ ਮਾਹੌਲ 'ਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਹਾਲਾਤ ਇਹ ਹਨ ਕਿ ਲੋਕ ਪੰਜਾਬ 'ਚ ਨਿਵੇਸ਼ ਕਰਨ ਤੋਂ ਕੰਨੀ ਕਤਰਾਉਣ ਲੱਗੇ ਹਨ। ਪੰਜਾਬ 'ਚ ਪਹਿਲਾਂ ਦੂਜੇ ਰਾਜਾਂ ਤੋਂ ਆਏ ਲੋਕ ਨਿਵੇਸ਼ ਕਰਦੇ ਸੀ ਪਰ ਹੁਣ ਪੰਜਾਬ ਦੇ ਉਦਯੋਗਪਤੀਆਂ ਨੇ ਆਪਣਾ ਪੈਸਾ ਉੱਤਰ ਪ੍ਰਦੇਸ਼ ਵਰਗੇ ਰਾਜਾਂ 'ਚ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਲਈ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ ਅਤੇ ਭਾਜਪਾ ਪਿੰਡ ਦੇ ਪੰਚ ਦੀ ਚੋਣ ਤੋਂ ਲੈ ਕੇ ਪਾਰਲੀਮੈਂਟ ਦੀ ਚੋਣ ਤੱਕ ਹਰ ਚੋਣਾਂ ਆਪਣੇ ਬਲਬੂਤੇ 'ਤੇ ਲੜੇਗੀ ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਬਚਾ ਸਕਦੀ ਹੈ।