ਬਰਨਾਲਾ: ਪ੍ਰੋਡਿਊਸਰ DXX ਦੀ ਕੁੱਟਮਾਰ ਦੇ ਮਾਮਲੇ ਵਿੱਚ ਬਰਨਾਲਾ ਦੇ ਥਾਣਾ ਧਨੌਲਾ ਦੀ ਪੁਲਿਸ ਨੇ ਨਿਹੰਗਾਂ 'ਤੇ ਪਰਚਾ ਦਰਜ਼ ਕਰ ਲਿਆ ਸੀ। ਜਿਸ ਸਬੰਧੀ ਸ਼ਾਮ ਸਮੇਂ ਮੁੱਖ ਮੁਲਜ਼ਮ ਨਿਹੰਗ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਥਾਣੇ ਤੋਂ ਬਾਹਰ ਆ ਕੇ ਨਿਹੰਗ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪ੍ਰੋਡਿਊਸਰ ਲੱਚਰਤਾ ਤੇ ਨਸ਼ਿਆਂ ਨੂੰ ਪ੍ਰਮੋਟ ਕਰਦਾ ਸੀ। ਜਿਸ ਕਰਕੇ ਉਹਨਾਂ ਨੂੰ ਉਸਦੀ ਕੁੱਟਮਾਰ ਦਾ ਕਦਮ ਚੁੱਕਣਾ ਪਿਆ। ਉਹਨਾਂ ਕਿਹਾ ਕਿ ਭਾਵੇਂ ਪਰਚਾ ਉਹਨਾਂ ‘ਤੇ ਦਰਜ ਹੋ ਗਿਆ, ਪਰ ਉਹਨਾਂ ਦੀ ਜ਼ਮਾਨਤ ਹੋ ਗਈ ਹੈ।
ਉਹਨਾਂ ਪ੍ਰੋਡਿਊਸਰ ਵੱਲੋਂ ਪੈਸੇ ਮੰਗਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰੋਡਿਊਸਰ ਇਸ ਦੇ ਸਬੂਤ ਪੇਸ਼ ਕਰੇ। ਇਹ ਦੋਸ਼ ਝੂਠੇ ਹਨ। ਇਹ ਲਗਾਏ ਝੂਠੇ ਦੋਸ਼ਾਂ ਦੀ ਸ਼ਿਕਾਇਤ ਉਹਨਾਂ ਨੇ ਬਰਨਾਲਾ ਦੇ ਐਸਐਸਪੀ ਨੂੰ ਦੇ ਦਿੱਤੀ ਹੈ।
ਉਹਨਾਂ ਪਿੰਡ ਦੇ ਲੋਕਾਂ ਵੱਲੋਂ ਪ੍ਰੋਡਿਊਸਰ ਦੀ ਹਮਾਇਤ ਕਰਨ 'ਤੇ ਕਿਹਾ ਕਿ ਪ੍ਰੋਡਿਊਸਰ ਦੀਆਂ ਵੀਡੀਓਜ਼ ਪਿੰਡ ਦੀਆਂ ਸਾਰੀਆਂ ਧੀਆਂ ਭੈਣਾਂ ਦੇ ਸਾਹਮਣੇ ਦਿਖਾਵੇ। ਜੇਕਰ ਬੇਝਿਕ ਪਿੰਡ ਦੀਆਂ ਔਰਤਾਂ ਇਹ ਵੀਡੀਓਜ਼ ਦੇਖ ਗਈਆਂ ਤਾਂ ਉਹ ਪ੍ਰੋਡਿਊਸਰ ਤੋਂ ਖੁਦ ਮੁਆਫੀ ਮੰਗਣਗੇ। ਉਹਨਾਂ ਕਿਹਾ ਕਿ ਪ੍ਰੋਡਿਊਸਰ ਨਾਲ ਉਹਨਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਪ੍ਰੋਡਿਊਸਰ ਲੱਚਰਤਾ ਵਾਲੇ ਕੰਮ ਬੰਦ ਕਰ ਦੇਵੇ, ਉਹ ਕੁਝ ਨਹੀਂ ਆਖਣਗੇ ਪਰ ਜੇਕਰ ਇਸੇ ਤਰ੍ਹਾਂ ਹੀ ਕਰਦਾ ਰਿਹਾ ਉਹ ਫਿਰ ਆਪਣੇ ਪੱਧਰ ਉੱਪਰ ਸਜ਼ਾ ਦੇਣਗੇ।