ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਮੀਟਿੰਗ ਬਰਨਾਲਾ ਦੇ ਪਿੰਡ ਚੀਮਾ ਵਿਖੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਭਖਦੇ ਕਿਸਾਨੀ ਮਸਲਿਆਂ 'ਤੇ ਸੰਘਰਸ਼ ਸੰਬੰਧੀ ਅਹਿਮ ਫੈਸਲੇ ਲਏ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਮਐੱਸਪੀ 'ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਸਮੇਤ ਕੌਮੀ ਕਿਸਾਨ ਮੋਰਚੇ ਦੀਆਂ ਲਟਕਦੀਆਂ ਮੰਗਾਂ ਦੇ ਹੱਲ ਲਈ ਉਲੀਕੇ ਗਏ ਪ੍ਰੋਗਰਾਮ ਪੂਰੀ ਸਮਰੱਥਾ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।
ਪਾਣੀਆਂ ਦੇ ਗੰਭੀਰ ਸੰਕਟ ਦੇ ਪੁਖਤਾ ਹੱਲ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਤਹਿ ਹੋਏ ਤਾਲ ਮੇਲਵੇਂ ਸੰਘਰਸ਼ ਵਜੋਂ ਜਥੇਬੰਦੀ ਵੱਲੋਂ ਇਸ ਸੰਕਟ ਦੇ ਮੁੱਖ ਮੁਲਜ਼ਮ ਕਰਾਰ ਦਿੱਤੇ ਸੰਸਾਰ ਬੈਂਕ, ਕਾਰਪੋਰੇਟ ਘਰਾਣਿਆਂ ਅਤੇ ਪੰਜਾਬ ਸਰਕਾਰ ਸਮੇਤ ਕੇਂਦਰ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰਨ ਲਈ ਦੌਧਰ/ਲੁਧਿਆਣਾ/ਅੰਮ੍ਰਿਤਸਰ ਵਿਖੇ ਸੰਸਾਰ ਬੈਂਕ ਦੇ ਪ੍ਰਾਜੈਕਟਾਂ ਤੋਂ ਇਲਾਵਾ ਪਟਿਆਲਾ, ਫਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ ਤੇ ਅੰਮ੍ਰਿਤਸਰ ਵਿਖੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਅਤੇ ਪਾਣੀ ਜ਼ਹਿਰੀਲਾ ਕਰਨ ਦੀਆਂ ਦੋਸ਼ੀ ਕਾਰਪੋਰੇਟ ਕੰਪਨੀਆਂ ਜਿਵੇਂ ਟ੍ਰਾਈਡੈਂਟ (ਬਰਨਾਲਾ) ਵਿਰੁੱਧ 9 ਥਾਂਵਾਂ 'ਤੇ 21 ਤੋਂ 25 ਜੁਲਾਈ ਤੱਕ ਦਿਨੇ ਰਾਤ ਪੰਜ ਰੋਜ਼ਾ ਧਰਨੇ ਲਾਏ ਜਾਣਗੇ। ਇੰਨ੍ਹਾਂ ਹੀ ਦਿਨਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ 5,6 ਥਾਂਵਾਂ 'ਤੇ ਇਸੇ ਤਰ੍ਹਾਂ ਧਰਨੇ ਲਾਏ ਜਾਣਗੇ।
ਅੱਜ ਦੀ ਮੀਟਿੰਗ ਵਿੱਚ ਹੋਰ ਸੂਬਾਈ ਆਗੂਆਂ ਝੰਡਾ ਸਿੰਘ ਜੇਠੂਕੇ ਸ਼ਿੰਗਾਰਾ ਸਿੰਘ ਮਾਨ ਹਰਦੀਪ ਸਿੰਘ ਟੱਲੇਵਾਲ ਰੂਪ ਸਿੰਘ ਛੰਨਾਂ ਜਨਕ ਸਿੰਘ ਭੁਟਾਲ ਜਸਵਿੰਦਰ ਸਿੰਘ ਲੌਂਗੋਵਾਲ, ਜਗਤਾਰ ਸਿੰਘ ਕਾਲਾਝਾੜ ਅਤੇ ਔਰਤ ਆਗੂ ਹਰਿੰਦਰ ਕੌਰ ਬਿੰਦੂ ਕਮਲਜੀਤ ਕੌਰ ਬਰਨਾਲਾ ਸਮੇਤ 19 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ। ਫੈਸਲੇ ਮੁਤਾਬਕ ਉਕਤ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਵਿਸ਼ੇਸ਼ ਜ਼ਿਲ੍ਹਾ ਪੱਧਰੀ ਸਿੱਖਿਆ ਮੀਟਿੰਗਾਂ 17, 18 ਅਤੇ 19 ਜੁਲਾਈ ਨੂੰ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਮੁਫ਼ਤ ਬਿਜਲੀ ਸਕੀਮ 'ਚ ਬਦਲਾਅ:ਜਨਰਲ ਵਰਗ ਨੂੰ ਦਿੱਤਾ ਝਟਕਾ, ਸਰਕਾਰ ਨੇ ਹਟਾਈ ਇਹ ਸ਼ਰਤ