ਬਰਨਾਲਾ: ਜ਼ਿਲ੍ਹਾ ਦੇ ਪਿੰਡ ਪੱਖੋਕੇ ਦੇ ਗਰਿੱਡ ’ਤੇ ਦੋ ਬਿਜਲੀ ਮੁਲਾਜ਼ਮਾਂ ਦਾ ਆਪਸੀ ਝਗੜਾ ਹੋ ਗਿਆ। ਜਿਸਨੂੰ ਲੈ ਕੇ ਦੋਵਾਂ ਵਲੋਂ ਇੱਕ ਦੂਜੇ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਦੱਸ ਦਈਏ ਕਿ ਝਗੜੇ ਤੋਂ ਬਾਅਦ ਦੋਵੇਂ ਮੁਲਾਜ਼ਮ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹਨ।
ਬਰਨਾਲਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਗਰਿੱਡ ਦੇ ਐਸਐਸਏ ਬਲਵੰਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ’ਤੇ ਗਰਿੱਡ ’ਚ ਡਿਊਟੀ ਕਰਦੇ ਮੁਲਾਜ਼ਮ ਜਗਸੀਰ ਸਿੰਘ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ। ਉਹ ਜਦੋਂ ਬੀਤੇ ਦਿਨੀਂ ਪੱਖੋਕੇ ਦੇ 66 ਕੇਵੀ ਬਿਜਲੀ ਘਰ ਤੋਂ ਡਿਊਟੀ ਕਰਕੇ ਵਾਪਸ ਜਾ ਰਿਹਾ ਸੀ ਤਾਂ ਗਰਿੱਡ ਦੇ ਗੇਟ ’ਤੇ ਲੁਕ ਕੇ ਬੈਠੇ ਮੁਲਾਜ਼ਮ ਜਗਸੀਰ ਸਿੰਘ ਵਲੋਂ ਉਸ ’ਤੇ ਮਾਰੂ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸਦੀ ਖੱਬੀ ਬਾਂਹ ਟੁੱਟ ਗਈ।
ਇਹ ਵੀ ਪੜੋ: Covid-19: Corona Virus ਨੂੰ ਹਲਕੇ ’ਚ ਲੈਣ ਵਾਲੇ ਦੇਖਣ ਇਹ ਖ਼ਬਰ...
ਉਧਰ ਦੂਜੇ ਪਾਸੇ ਮੁਲਾਜ਼ਮ ਜਗਸੀਰ ਸਿੰਘ ਨੇ ਦੱਸਿਆ ਕਿ ਐਸਐਸਏ ਬਲਵੰਤ ਸਿੰਘ ਵਲੋਂ ਉਸ ਨਾਲ ਲਗਾਤਾਰ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਰਹੀ ਹੈ ਅਤੇ ਨੌਕਰੀ ਤੋਂ ਕਢਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਰਹੀਆਂ ਹਨ। ਬੀਤੇ ਕੱਲ ਵੀ ਉਸਨੂੰ ਡਿਊਟੀ ’ਤੇ ਆਉਣ ਸਮੇਂ ਗਰਿੱਡ ਤੋਂ ਬਾਹਰ ਕੱਢ ਦਿੱਤਾ ਗਿਆ। ਸ਼ਾਮ ਸਮੇਂ ਜਦੋਂ ਉਹ ਆਪਣਾ ਡਿਊਟੀ ਟਾਈਮ ਪਤਾ ਕਰਨ ਗਰਿੱਡ ਗਿਆ ਤਾਂ ਬਲਵੰਤ ਸਿੰਘ ਨੇ ਉਸਦੇ ਪੈਰ ’ਤੇ ਸਕੂਟਰ ਚੜਾ ਦਿੱਤਾ ਅਤੇ ਸ੍ਰੀ ਸਾਹਿਬ ਬਾਂਹ ’ਤੇ ਮਾਰ ਦਿੱਤੀ। ਜਿਸਤੋਂ ਬਾਅਦ ਗੁੱਸੇ ਵਿੱਚ ਉਸਤੋਂ ਬਲਵੰਤ ਸਿੰਘ ਦੇ ਸੋਟੀ ਵੱਜ ਗਈ।
ਪੁਲਿਸ ਨੇ ਕੀਤੀ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ
ਮਾਮਲੇ ਸਬੰਧੀ ਪੁਲਿਸ ਚੌਂਕੀ ਦੇ ਇੰਚਾਰਜ਼ ਕਮਲਦੀਪ ਸਿੰਘ ਨੇ ਦੱਸਿਆ ਕਿ ਪੱਖੋਕੇ ਗਰਿੱਡ ’ਤੇ ਦੋ ਮੁਲਾਜ਼ਮਾਂ ਆਪਸ ਵਿੱਚ ਝਗੜੇ ਹਨ, ਜੋ ਤਪਾ ਅਤੇ ਬਰਨਾਲਾ ਦੇ ਸਰਕਾਰੀ ਹਸਪਤਾਲਾਂ ਵਿੱਚ ਦਾਖ਼ਲ ਹਨ। ਪੁਲਿਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡਾਕਟਰੀ ਰਿਪੋਰਟਾਂ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।