ਬਰਨਾਲਾ: ਬਰਨਾਲਾ ਤੋਂ ਇੱਕ ਪੰਜਾਬ ਪੁਲਿਸ ਮੁਲਾਜ਼ਮ ਦੇ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਮਾਮਲਾ ਝਗੜੇ ਤੋਂ ਸ਼ੁਰੂ ਹੋਇਆ ਜਿਸ ਨੇ ਇੰਨਾ ਗੰਭੀਰ ਰੂਪ ਲਿਆ ਕੇ, ਪੁਲਿਸ ਮੁਲਾਜ਼ਮ ਦੀ ਜਾਨ ਚਲੀ ਗਈ। ਦਰਅਸਲ ਸ਼ਹਿਰ ਦੇ 25 ਏਕੜ ਰਕਬੇ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਦੇ ਵਰਕਰਾਂ ਵਿੱਚ ਝਗੜਾ ਹੋ ਗਿਆ। ਇਸ ਤੋਂ ਬਾਅਦ ਥਾਣਾ ਸਿਟੀ ਵਨ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰੈਸਟੋਰੈਂਟ 'ਚ ਲੜਾਈ ਕਰਨ ਵਾਲੇ ਕਬੱਡੀ ਖਿਡਾਰੀਆਂ ਨੂੰ ਕਾਰ 'ਚ ਬੈਠਣ ਲਈ ਕਿਹਾ ਅਤੇ ਇਸ ਦਰਮਿਆਨ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਵੀ ਹੋਈ।
ਨੌਜਵਾਨਾਂ ਨੇ ਬਹਿਸ ਦੌਰਾਨ ਪੁਲਿਸ ਉੱਤੇ ਕੀਤਾ ਹਮਲਾ: ਬਹਿਸ ਦੌਰਾਨ ਤੈਸ਼ ਵਿੱਚ ਆਏ ਮੁਲਜ਼ਮਾਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ, ਤਾਂ ਹਸਪਤਾਲ ਵਿੱਚ ਮੌਤ ਹੋ ਗਈ।
ਚਸ਼ਮਦੀਦ ਨੇ ਦੱਸੀ ਪੂਰੀ ਘਟਨਾ: ਘਟਨਾ ਦੇ ਚਸ਼ਮਦੀਦ ਗਵਾਹ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ 25 ਏਕੜ ਦੇ ਇਲਾਕੇ ਵਿੱਚ ਇੱਕ ਰੈਸਟੋਰੈਂਟ ਵਿੱਚ ਕੁਝ ਕਬੱਡੀ ਖਿਡਾਰੀ ਬੈਠੇ ਸਨ। ਰੈਸਟੋਰੈਂਟ ਦੇ ਬਿੱਲ ਨੂੰ ਲੈ ਕੇ ਰੈਸਟੋਰੈਂਟ ਮਾਲਕ ਅਤੇ ਕਬੱਡੀ ਖਿਡਾਰੀਆਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਰੈਸਟੋਰੈਂਟ ਮਾਲਕਾਂ ਨੇ ਮੌਕੇ 'ਤੇ ਪੁਲਿਸ ਨੂੰ ਬੁਲਾਇਆ। ਮੌਕੇ ’ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਮਗਰੋਂ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਮੁਲਾਜ਼ਮ ਨਾਲ ਕੁੱਟਮਾਰ ਤੋਂ ਬਾਅਦ ਰੈਸਟੋਰੈਂਟ ਦੀ ਭੰਨਤੋੜ: ਫਿਰ ਜਖ਼ਮੀ ਮੁਲਾਜ਼ਮ ਨੂੰ ਉਸ ਦੇ ਸਾਥੀ ਨੇ ਮੁਲਾਜ਼ਮਾਂ ਵਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਚਸ਼ਮਦੀਦ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨੂੰ ਮੁਲਜ਼ਮਾਂ ਨੇ ਸੜਕ ’ਤੇ ਸੁੱਟਿਆ ਸੀ ਜਿਸ ਕਾਰਨ ਮੁਲਾਜ਼ਮ ਦੇ ਸਿਰ (Kabaddi player Murdered To Policeman) ਵਿੱਚ ਸੱਟ ਵੱਜੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਤਾਇਨਾਤ ਸਾਰੇ ਪੁਲਿਸ ਮੁਲਾਜ਼ਮ ਉੱਥੋਂ ਚਲੇ ਗਏ। ਇਸ ਤੋਂ ਬਾਅਦ ਮੁਲਜ਼ਮ ਕਬੱਡੀ ਖਿਡਾਰੀ ਰੈਸਟੋਰੈਂਟ ਵਿੱਚ ਭੰਨਤੋੜ ਕਰਕੇ ਫ਼ਰਾਰ ਹੋ ਗਏ।
ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦੱਸੇ ਜਾ ਰਹੇ ਮੁਲਜ਼ਮ: ਘਟਨਾ ਦੇ ਚਸ਼ਮਦੀਦਾਂ ਅਨੁਸਾਰ (International Kabaddi player) ਮੁਲਜ਼ਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਨ। ਪੁਲਿਸ ਬਾਕੀ ਸਾਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਮ੍ਰਿਤਕ ਦਰਸ਼ਨ ਸਿੰਘ ਪਿਛਲੇ ਕਾਫੀ ਸਮੇਂ ਤੋਂ ਥਾਣਾ ਸਿਟੀ ਇਕ ਵਿਚ ਕਾਂਸਟੇਬਲ ਵਜੋਂ ਡਿਊਟੀ ਕਰ ਰਿਹਾ ਸੀ। ਇਸ ਘਟਨਾ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ।