ਬਰਨਾਲਾ: ਪੰਜਾਬ ਵਿੱਚ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਬਰਨਾਲਾ ਪੁਲਿਸ ਵੱਲੋਂ ਖੇਤਾਂ ਵਿੱਚ ਝੋਨਾ ਲਾ ਰਹੇ ਮਜ਼ਦੂਰਾਂ ਨੂੰ ਮਾਸਕ ਅਤੇ ਸਾਬਣ ਵੰਡੇ ਗਏ। ਡੀ.ਐਸ.ਪੀ. ਬਰਿੰਦਰ ਪਾਲ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨਾਲ ਮਿਲ ਕੇ ਮਜ਼ਦੂਰਾਂ ਨੂੰ ਸੈਨੇਟਾਈਜ਼ਰ ਵੰਡੇ ਤੇ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਵੀ ਕੀਤਾ।
ਗੱਲਬਾਤ ਕਰਦਿਆਂ ਡੀ.ਐਸ.ਪੀ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਬਰਨਾਲਾ ਪੁਲਿਸ ਵੱਲੋਂ ਨਿਵਾਸੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਹਿਲਾਂ ਵੀ ਸੈਨੇਟਾਈਜ਼ਰ ਵੰਡੇ ਗਏ ਹਨ। ਹੁਣ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਿਸਾਨ ਝੋਨਾ ਲਗਾਉਣ ਲਈ ਪ੍ਰਵਾਸੀ ਮਜ਼ਦੂਰ ਲਿਆ ਰਹੇ ਹਨ।
ਇਨ੍ਹਾਂ ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਤੋਂ ਜਾਗਰੂਕ ਕਰਨ ਦੇ ਨਾਲ-ਨਾਲ ਸੈਨੇਟਾਈਜ਼ਰ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਤਿੰਨ ਵੱਖ-ਵੱਖ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਕਿੱਟਾਂ ਦਿੱਤੀਆਂ ਗਈਆਂ ਹਨ, ਜੋ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣਗੀਆਂ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਕਿਸਾਨਾਂ ਵੱਲੋਂ ਆਪਣੇ ਖਰਚੇ 'ਤੇ ਪੰਜਾਬ ਲਿਆਂਦਾ ਗਿਆ ਹੈ, ਜਿਸ ਤਹਿਤ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਡੀ.ਐਸ.ਪੀ. ਵਰਿੰਦਰਪਾਲ ਸਿੰਘ ਵੱਲੋਂ ਖੇਤਾਂ ਵਿੱਚ ਪਹੁੰਚ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਸੈਨੀਟਾਈਜ਼ਰ ਕਿੱਟਾਂ ਵੰਡੀਆਂ ਗਈਆਂ ਜਿਸ ਲਈ ਉਨ੍ਹਾਂ ਨੇ ਬਰਨਾਲਾ ਪੁਲਿਸ ਦਾ ਧੰਨਵਾਦ ਕੀਤਾ।