ਬਰਨਾਲਾ: ਜ਼ਿਲੇ ਵਿਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।ਸਿਹਤ ਵਿਭਾਗ ਵੱਲੋਂ ਕੋਰੋਨਾ ਨਾਲ ਨਿਪਟਣ ਦੇ ਲਈ ਯਤਨ ਕੀਤੇ ਜਾ ਰਹੇ ਹਨ।ਕੋਰੋਨਾ ਨੂੰ ਲੈ ਕੇ 50 ਬੈਡਾਂ ਦਾ ਆਰਜ਼ੀ ਕੋਵਿਡ ਸੈਂਟਰ ਸੋਹਲ ਪੱਤੀ ਵਿਖੇ ਬਣਾਇਆ ਗਿਆ ਹੈ ਪਰ ਐਮਰਜੈਂਸੀ ਹਾਲਾਤ ਨਾਲ ਨਿਪਟਣ ਦੇ ਲਈ ਵੈਂਟੀਲੇਟਰ ਦੀ ਸਹੂਲਤ ਪੂਰੇ ਜ਼ਿਲ੍ਹੇ ਵਿਚ ਮੌਜੂਦ ਨਹੀਂ ਹੈ।
ਬੀਤੇ ਸਾਲ ਕੋਰੋਨਾ ਦੌਰਾਨ ਸਰਕਾਰੀ ਹਸਪਤਾਲ ਵਿਚ ਵੈਂਟੀਲੇਟਰ ਦੀ ਸਹੂਲਤ ਦੇਣ ਦਾ ਐਲਾਨ ਹੋਇਆ ਸੀ ਪਰ ਉਹ ਸਿਰਫ਼ ਕਾਗ਼ਜ਼ਾਂ ਤੱਕ ਸਿਮਟ ਕੇ ਰਹਿ ਗਿਆ।ਦੱਸਦੇਈਏ ਕਿ ਸਰਕਾਰੀ ਹਸਪਤਾਲ ਵਿਚ ਭਾਵੇਂ ਵੈਂਟੀਲੇਟਰ ਪਏ ਹਨ ਪਰ ਇਸ ਨੂੰ ਚਲਾਉਣ ਲਈ ਲੋੜੀਂਦੇ ਸਟਾਫ਼ ਦੀ ਘਾਟ ਹੈ। ਜਿਸ ਕਰਕੇ ਆਈਸੀਯੂ ਵੀ ਨਹੀਂ ਚੱਲ ਸਕਿਆ।
ਇਸ ਬਾਰੇ ਸਿਵਲ ਸਰਜਨ ਡਾ.ਹਰਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੀ ਨਵੀਂ ਲਹਿਰ ਦੇ ਮੱਦੇਨਜ਼ਰ ਜ਼ਿਲ੍ਹੇ ਭਰ ਵਿੱਚ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਤਹਿਤ ਜ਼ਿਲ੍ਹਾ ਪੱਧਰ ’ਤੇ ਇੱਕ ਕੋਵਿਡ ਸੈਂਟਰ ਬਣਾਇਆ ਗਿਆ ਹੈ। ਜਿਸ ਵਿੱਚ 50 ਬੈੱਡ ਕੋਵਿਡ ਮਰੀਜ਼ਾਂ ਲਈ ਲਗਾਏ ਗਏ ਹਨ। ਇਸ ਆਰਜ਼ੀ ਹਸਪਤਾਲ ਵਿੱਚ ਜ਼ਰੂਰਤ ਅਨੁਸਾਰ ਡਾਕਟਰੀ ਸਟਾਫ਼ ਮੌਜੂਦ ਹੈ, ਜੋ ਕੋਰੋਨਾ ਮਰੀਜ਼ਾਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾ ਰਿਹੈ।
ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਤੋਂ ਇਲਾਵਾ ਇੱਕ ਹੋਰ ਮਹਿਲ ਕਲਾਂ ਵਿਖੇ 30 ਬੈੱਡਾਂ ਦਾ ਯੂਨਿਟ ਤਿਆਰ ਕੀਤਾ ਹੈ ਅਤੇ ਫ਼ਿਲਹਾਲ ਹਸਪਤਾਲ ਐਲ 2 ਸੁਵਿਧਾ ਵਾਲਾ ਹੈ।ਜਿੱਥੇ ਵੈਂਟੀਲੇਟਰ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਹੈ ਕਿ ਵਿਭਾਗ ਕੋਲ ਵੈਂਟੀਲੇਟਰ ਮੌਜੂਦ ਹਨ ਅਤੇ ਇਸ ਨੂੰ ਚਾਲੂ ਕਰਵਾਉਣ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇੱਕ 24 ਘੰਟੇ ਐਂਬੂਲੈਂਸ ਤਿਆਰ ਰਹਿੰਦੀ ਹੈ ਤਾਂ ਸੀਰੀਅਸ ਹਾਲਾਤ ਹੋਣ ’ਤੇ ਮਰੀਜ਼ ਨੂੰ ਹੋਰਨਾਂ ਵੱਡੇ ਹਸਪਤਾਲਾਂ ਵਿੱਚ ਰੈਫ਼ਰ ਕਰ ਦਿੱਤਾ ਜਾਂਦਾ ਹੈ। ਰੋਜ਼ਾਨਾ 1800 ਦੇ ਕਰੀਬ ਕੋਰੋਨਾ ਵੈਕਸੀਨ ਲਗਾਈ ਜਾਂਦੀ ਹੈ।ਕੋਰੋਨਾ ਦੀ 400 ਤੋਂ 500 ਲੋਕਾਂ ਦੀ ਟੈਸਟਿੰਗ ਹਰ ਰੋਜ਼ ਕੀਤੀ ਜਾਂਦੀ ਹੈ।
ਇਹ ਵੀ ਪੜੋ:ਮੀਂਹ ਨੇ ਡੋਬਿਆ ਕਿਸਾਨਾਂ ਦਾ ਸੋਨਾ ਪ੍ਰਸ਼ਾਸਨ ਦੇ ਨਿਕੰਮੇ ਪ੍ਰਬੰਧਾਂ ਦੀਆਂ ਤਸਵੀਰਾਂ