ਬਰਨਾਲਾ: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਲਈ ਨਵਾਂ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਬਰਨਾਲਾ ਰੇਲਵੇ ਸਟੇਸ਼ਨ ‘ਤੇ 30 ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਪੱਕਾ ਮੋਰਚਾ 142 ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਟੈਕਨੀਕਲ ਐਂਡ ਮਕੈਨੀਕਲ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਕੱਲ੍ਹ 18 ਫਰਵਰੀ ਦੇ ਰੇਲ ਰੋਕੋ ਪ੍ਰੋਗਰਾਮ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦੇਣ ਲਈ ਇਸ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸ਼ਾਤਮਈ ਤੇ ਅਨੁਸ਼ਾਸਨਬਧ ਰਹਿੰਦੇ ਹੋਏ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਇਆ।
ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ‘ਤੇ ਲੋਕ ਫੁੱਲ ਚੜਾਉਂਦੇ ਹਨ ਅਤੇ ਸਾਡਾ ਅੰਦੋਲਨ ਹਰ ਦਿਨ ਵਧੇਰੇ ਮਜ਼ਬੂਤੀ ਫੜ ਰਿਹਾ ਹੈ। ਸਰਕਾਰ ਨੂੰ ਭੁਲੇਖਾ ਹੈ ਕਿ ਉਹ ਅੰਦਲਨ ਨੂੰ ਖਤਮ ਕਰਵਾ ਦੇਵੇਗੀ। ਕਿਸਾਨ ਲੰਬੀ ਲੜਾਈ ਲੜਨ ਲਈ ਤਿਆਰੀਆਂ ਕਰ ਰਹੇ ਹਨ ਅਤੇ ਹੁਣ ਸਿਰ ’ਤੇ ਆ ਰਹੀ ਗਰਮੀਆਂ ਦੀ ਰੁੱਤ ਅਨੁਸਾਰ ਧਰਨੇ ਜਾਰੀ ਰੱਖਣ ਲਈ ਜ਼ਰੂਰੀ ਕਦਮ ਉਠਾਏ ਜਾ ਰਹੇ ਹਨ। ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਇਸ ਧਰਨੇ ਵਿਚ ਆਉਣ ਅਤੇ ਦਿੱਲੀ ਜਾਣ ਲਈ ਪਿੰਡਾਂ ਵਿੱਚ ਵਧੇਰੇ ਲਾਮਬੰਦੀ ਅਤੇ ਵਿਉਂਤਬੰਦੀ ਕਰਨ ਦੀ ਤਾਕੀਦ ਕੀਤੀ।