ਬਰਨਾਲਾ: ਪੰਜਾਬ ਦੇ ਕਿਸਾਨ ਰਵਾਇਤੀ ਫ਼ਸਲਾਂ ਕਣਕ ਅਤੇ ਝੋਨੇ ਨੂੰ ਹੀ ਮਹੱਤਤਾ ਦੇ ਰਹੇ ਹਨ। ਝੋਨੇ ਦੀ ਫ਼ਸਲ ਕਾਰਨ ਪੰਜਾਬ ਦੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਡਿੱਗਦਾ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ 'ਤੇ ਖ਼ਾਸ ਜ਼ੋਰ ਦਿੱਤਾ ਜਾ ਰਿਹਾ ਹੈ ਅਤੇ ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫ਼ਸਲਾਂ ਅਪਣਾਉਣ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਅਜਿਹੇ ਮਾਹੌਲ ਵਿੱਚ ਬਰਨਾਲਾ ਦੇ ਪਿੰਡ ਠੁੱਲ੍ਹੇਵਾਲ ਦੇ ਇੱਕ ਨੌਜਵਾਨ ਕਿਸਾਨ ਨੇ ਬਦਲਵੀਂ ਖੇਤੀ ਕਰਨ ਨੂੰ ਪਹਿਲ ਦਿੱਤੀ ਹੈ। ਇਸ ਬਦਲਵੀਂ ਖੇਤੀ ਤਹਿਤ 5 ਲੱਖ ਰੁਪਏ ਪ੍ਰਤੀ ਏਕੜ ਇੱਕ ਸਾਲ ਦੀ ਆਮਦਨ ਹੋ ਸਕਦੀ ਹੈ।
ਨੌਜਵਾਨ ਕਿਸਾਨ ਸਤਨਾਮ ਸਿੰਘ ਵੱਲੋਂ ਆਪਣੇ ਖੇਤ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਗਈ ਹੈ। ਡ੍ਰੈਗਨ ਫਰੂਟ ਨਾਂਅ ਦਾ ਫ਼ਲ ਡੇਂਗੂ ਦੀ ਬਿਮਾਰੀ ਨੂੰ ਰੋਕਣ ਵਿਚ ਮਦਦ ਕਰਦਾ ਹੈ। ਸਰੀਰ ਵਿੱਚ ਘਟੇ ਸੈੱਲਾਂ ਦੀ ਪੂਰਤੀ ਕਰਦਾ ਹੈ। ਇਸ ਤੋਂ ਇਲਾਵਾ ਇਸ ਫ਼ਲ ਨੂੰ ਅਮੀਰ ਲੋਕ ਇੱਕ ਆਪਣੇ ਉੱਚੇ ਰਸੂਖ਼ ਦੇ ਵਜੋਂ ਵੀ ਵਰਤਦੇ ਹਨ।
ਅੱਜ ਕੱਲ੍ਹ ਇਸ ਫਲ ਦੀ ਵਿਆਹਾਂ ਅਤੇ ਹੋਰ ਖ਼ੁਸ਼ੀ ਦੇ ਮੌਕਿਆਂ ਵਿੱਚ ਕਾਫ਼ੀ ਮੰਗ ਚੱਲ ਰਹੀ ਹੈ। ਡ੍ਰੈਗਨ ਫਰੂਟ ਦੀ ਖੇਤੀ ਲਈ ਇੱਕ ਵਾਰ ਕਲਮਾਂ ਲਗਾ ਕੇ 15 ਸਾਲ ਫਲ ਲਿਆ ਜਾ ਸਕਦਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਖੇਤੀ ਵਿੱਚ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ। ਗਰਮੀ ਦੇ ਮੌਸਮ ਵਿੱਚ ਦਸ ਦਿਨਾਂ ਵਿੱਚ ਇੱਕ ਵਾਰ ਅਤੇ ਸਰਦੀਆਂ ਵਿੱਚ ਮਹੀਨੇ ਵਿੱਚ ਇੱਕ ਵਾਰ ਡ੍ਰੈਗਨ ਫਰੂਟ ਦੇ ਪੌਦਿਆਂ ਨੂੰ ਪਾਣੀ ਦੇਣ ਦੀ ਲੋੜ ਪੈਂਦੀ ਹੈ।
ਇਨ੍ਹਾਂ ਸਾਰੇ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਸਤਨਾਮ ਸਿੰਘ ਨੇ ਆਪਣੇ ਖੇਤ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ। ਪੜ੍ਹਾਈ ਦੇ ਪੱਖ ਤੋਂ ਕੰਪਿਊਟਰ ਇੰਜਨੀਅਰਿੰਗ ਦੀ ਡਿਗਰੀ ਕਰ ਚੁੱਕਿਆ ਸਤਨਾਮ ਸਿੰਘ ਇੱਕ ਤਕਨੀਕੀ ਪੱਖ ਤੋਂ ਖੇਤੀ ਕਰਨ ਨੂੰ ਪਹਿਲ ਦੇ ਰਿਹਾ ਹੈ।
ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਡ੍ਰੈਗਨ ਫਰੂਟ ਇੱਕ ਬਾਗਵਾਨੀ ਖੇਤੀ ਦੀ ਕਿਸਮ ਹੈ। ਸਭ ਤੋਂ ਪਹਿਲਾਂ ਉਹ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਿਲੇ ਅਤੇ ਇਸ ਬਾਰੇ ਜਾਣਕਾਰੀ ਹਾਸਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਡਰੈਗਨ ਫੂਡ ਦੀਆਂ ਕਲਮਾਂ ਲਿਆ ਕਿ ਇੱਕ ਟਰਾਇਲ ਦੇ ਤੌਰ ਤੇ ਇਸ ਦੀ ਖੇਤੀ ਕਰਨੀ ਸ਼ੁਰੂ ਕੀਤੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਨੇ ਆਪਣੀ ਜ਼ਮੀਨ ਦੇ ਕੁਝ ਹਿੱਸੇ ਵਿੱਚ ਡ੍ਰੈਗਨ ਫਰੂਟ ਦੀਆਂ ਸਿਰਫ਼ 500 ਕਲਮਾਂ ਲਗਾ ਕੇ ਖੇਤੀ ਸ਼ੁਰੂ ਕੀਤੀ ਜਿਸ ਦਾ ਨਤੀਜਾ ਚੰਗਾ ਨਿਕਲਿਆ। ਇਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਡੇਢ ਏਕੜ ਵਿੱਚ ਇਸ ਦੀ ਖੇਤੀ ਕੀਤੀ ਜਾ ਰਹੀ ਹੈ।
ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਡ੍ਰੈਗਨ ਫਰੂਟ ਦੀ ਖੇਤੀ ਵਿੱਚ ਤਿੰਨ ਸਾਲ ਬਾਅਦ ਚੰਗੀ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਫ਼ਸਲ ਦੇ ਤੀਜੇ ਸਾਲ ਵਿੱਚ ਜਾ ਕੇ ਇੱਕ ਏਕੜ ਫ਼ਸਲ ਤੋਂ ਪੰਜ ਲੱਖ ਰੁਪਏ ਆਮਦਨ ਕਮਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇੱਕ ਏਕੜ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਲਈ ਚਾਰ ਲੱਖ ਦੇ ਕਰੀਬ ਖਰਚ ਵੀ ਕਰਨਾ ਪੈਂਦਾ ਹੈ। ਕਿਉਂਕਿ ਡਰੈਗਨ ਫਰੂਟ ਦੀਆਂ ਕਲਮਾਂ, ਇਸ ਨੂੰ ਲਗਾਉਣ ਲਈ ਪੱਥਰ ਵਾਲੇ ਖੰਭਿਆਂ, ਪਾਣੀ ਲਗਾਉਣ ਲਈ ਡਰਿੱਪ ਸਿਸਟਮ ਅਤੇ ਮਜ਼ਦੂਰਾਂ ਦਾ ਕਾਫੀ ਖਰਚ ਹੁੰਦਾ ਹੈ।
ਕਿਸਾਨ ਸਤਨਾਮ ਨੇ ਦੱਸਿਆ ਕਿ ਡ੍ਰੈਗਨ ਫਰੂਟ ਦੇ ਮੰਡੀਕਰਨ ਵਿੱਚ ਵੀ ਕੋਈ ਸਮੱਸਿਆ ਨਹੀਂ ਹੈ। ਇਸ ਸਮੇਂ ਡ੍ਰੈਗਨ ਫਰੂਟ ਦੀ ਮੰਗ ਕਾਫ਼ੀ ਜ਼ਿਆਦਾ ਹੈ। ਥਾਈਲੈਂਡ ਵਰਗੇ ਦੇਸ਼ ਤੋਂ ਭਾਰਤ ਵਿੱਚ ਡ੍ਰੈਗਨ ਫਰੂਟ ਸਪਲਾਈ ਹੋ ਰਿਹਾ ਹੈ। ਕਿਉਂਕਿ ਭਾਰਤ ਵਿੱਚ ਡ੍ਰੈਗਨ ਫਰੂਟ ਦੀ ਮੰਗ ਇਸ ਦੀ ਪੈਦਾਵਾਰ ਤੋਂ ਜ਼ਿਆਦਾ ਹੈ, ਜਿਸ ਕਰਕੇ ਡ੍ਰੈਗਨ ਫਰੂਟ ਦੀ ਖੇਤੀ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਨਾਲ ਹੀ ਉਹ ਕੋਰੀਅਰ ਰਾਹੀਂ ਲੋਕਾਂ ਨੂੰ ਤਿੰਨ ਸੌ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਡ੍ਰੈਗਨ ਫਰੂਟ ਵੇਚ ਰਹੇ ਹਨ। ਮਾਰਕੀਟ ਰੇਟ ਵੀ ਡੇਢ ਸੌ ਤੋਂ ਦੋ ਸੌ ਰੁਪਏ ਪ੍ਰਤੀ ਕਿੱਲੋ ਹੈ।
ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕਰੇ ਅਤੇ ਇਸ ਦੀ ਖੋਜ ਕਰਵਾਈ ਜਾਵੇ ਤਾਂ ਇਸ ਫਸਲ 'ਤੇ ਪੈਣ ਵਾਲੀ ਬਿਮਾਰੀ ਤੇ ਰੋਕਥਾਮ ਹੋ ਸਕੇ। ਇਸ ਤੋਂ ਇਲਾਵਾ ਇਸ ਖੇਤੀ ਨੂੰ ਸ਼ੁਰੂ ਕਰਨ ਲਈ ਕਾਫੀ ਖਰਚ ਹੁੰਦਾ ਹੈ, ਜਿਸ ਲਈ ਸਰਕਾਰ ਇਸ 'ਤੇ ਸਬਸਿਡੀ ਦਾ ਵੀ ਪ੍ਰਬੰਧ ਕਰੇ।