ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਸਰਗਰਮ ਵਰਕਰ ਕਰਮ ਸਿੰਘ 58 ਸਾਲ ਪੁੱਤਰ ਸੇਵਾ ਸਿੰਘ ਜੋ ਕਿ ਸੰਯੁਕਤ ਮੋਰਚੇ ਵੱਲੋਂ ਦਿੱਲੀ ਦੇ ਬਾਰਡਰ ਉੱਪਰ ਕੇਂਦਰ ਸਰਕਾਰ ਦੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਲਗਾਤਾਰ ਲੜੇ ਜਾ ਰਹੇ ਕਿਸਾਨ ਅੰਦੋਲਨ ਵਿਚ ਕਾਫ਼ਲੇ ਰਾਹੀਂ ਕਿਸਾਨ ਅੰਦੋਲਨ ਵਿੱਚ ਪਹਿਲੇ ਦਿਨ ਹੀ ਸ਼ਮੂਲੀਅਤ ਕਰਨ ਲਈ ਗਿਆ ਹੋਇਆ ਸੀ।
ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨ ਦੇ ਛਾਤੀ ਵਿਚ ਦਰਦ ਦੀ ਸ਼ਿਕਾਇਤ ਹੋਣ ਲੱਗੀ ਤਾਂ ਜਥੇਬੰਦੀ ਦੇ ਆਗੂਆਂ ਵੱਲੋਂ ਜਿੱਥੇ ਉਕਤ ਕਿਸਾਨ ਨੂੰ ਇਲਾਜ ਲਈ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉੱਥੋਂ ਅੱਗੇ ਹੋਰ ਹਸਪਤਾਲ ਵਿਚ ਰੈਫਰ ਕੀਤੇ ਜਾਣ ਤੋਂ ਬਾਅਦ ਰਸਤੇ ਵਿੱਚ ਲਿਜਾਂਦੇ ਸਮੇਂ ਉਸ ਨੇ ਦਮ ਤੋੜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਕਿਸਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਰਕਾਰੀ ਹਸਪਤਾਲ ਬਹਾਦਰਗੜ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਕਰਮ ਸਿੰਘ ਦੀ ਹੋਈ ਮੌਤ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂ ਕਰਵਾ ਕੇ ਪਿੱਛੇ ਪਰਿਵਾਰ ਨੂੰ 10 ਲੱਖ ਦੀ ਸਹਾਇਤਾ, ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਸਹਾਇਤਾ ਦਾ ਚੈੱਕ ਦੇਣ ਤੋਂ ਬਾਅਦ ਹੀ ਕਿਸਾਨ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਕਿਸਾਨ ਕਰਮ ਸਿੰਘ ਠੁੱਲ੍ਹੇਵਾਲ ਨੂੰ ਕਿਸਾਨ ਸੰਘਰਸ਼ ਦਾ ਸ਼ਹੀਦ ਕਰਾਰ ਦਿੰਦਿਆਂ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਅੱਜ ਕਿਸਾਨਾਂ ਨੂੰ ਆਪਣੀਆਂ ਕੀਮਤੀ ਜ਼ਮੀਨਾਂ ਬਚਾਉਣ ਲਈ ਸ਼ਹਾਦਤਾਂ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਕਿਸਾਨ ਕਰਮ ਸਿੰਘ ਠੁੱਲੇਵਾਲ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਉੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਅੰਦੋਲਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਹ ਵੀ ਪੜ੍ਹੋ:ਹੁਸ਼ਿਆਰਪੁਰ ਪਹੁੰਚੇ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਨੇ ਪਾਈਆਂ ਭਜਾੜਾਂ