ਬਰਨਾਲਾ : ਆਮ ਆਦਮੀ ਪਾਰਟੀ ਦੇ ਆਮ ਆਦਮੀ ਕਲੀਨਕਾਂ ਕਈ ਇਲਾਕਿਆਂ ਵਿੱਚ ਵਿਰੋਧ ਵੀ ਸਹਿਣ ਕਰ ਰਹੇ ਹਨ। ਬਰਨਾਲਾ ਦੇ ਦੋ ਹਲਕੇ ਇਸਦਾ ਵਿਰੋਧ ਕਰ ਰਹੇ ਹਨ। ਪਿੰਡ ਵਾਲਿਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪੁੱਛੇ ਬਗੈਰ ਹੀ ਇਹ ਕਲੀਨਕ ਖੋਲ੍ਹੇ ਗਏ ਹਨ। ਦੂਜੇ ਪਾਸੇ ਕੁੱਝ ਕਿਸਾਨ ਜਥੇਬੰਦੀਆਂ ਵੀ ਲੋਕਾਂ ਦੇ ਨਾਲ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ।
25 ਬਿਸਤਰਿਆਂ ਦਾ ਸੀ ਹਸਪਤਾਲ: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰੂਪ ਸਿੰਘ ਢਿਲਵਾਂ ਅਤੇ ਹੋਰ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਢਿਲਵਾਂ ਦੀ ਆਬਾਦੀ 15000 ਤੋਂ ਵੱਧ ਹੈ। 1978 ਵਿੱਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗ ’ਤੇ 25 ਬਿਸਤਰਿਆਂ ਦਾ ਹਸਪਤਾਲ ਬਣਾਇਆ ਸੀ। ਪਿੰਡ ਢਿੱਲਵਾਂ ਦੇ ਇਸ ਹਸਪਤਾਲ ਵਿੱਚ ਗਾਇਨੀਕੋਲੋਜਿਸਟ ਅਤੇ ਹੋਰ ਡਾਕਟਰ ਅਤੇ ਸਾਰਾ ਸਟਾਫ਼ ਕੰਮ ਕਰ ਰਿਹਾ ਸੀ, ਜਿਸਦਾ ਇਸ ਪਿੰਡ ਸਮੇਤ ਕਈ ਪਿੰਡਾਂ ਨੂੰ ਫਾਇਦਾ ਹੋ ਰਿਹਾ ਸੀ। ਪਰ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਹਸਪਤਾਲ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰ ਦਿੱਤਾ ਹੈ, ਜਿਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਧਾਇਕ ਨੇ ਕੀਤਾ ਰਾਤੋ ਰਾਤ ਉਦਘਾਟਨ: ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਸਰਕਾਰਾਂ ਹਸਪਤਾਲਾਂ ਨੂੰ ਵੱਡੇ ਬਣਾਉਂਦੀਆਂ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹਸਪਤਾਲਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰ ਰਹੀ ਹੈ, ਜੋਕਿ ਸਿਹਤ ਸੇਵਾਵਾਂ ਪ੍ਰਤੀ ਸਰਾਸਰ ਗਲਤ ਗੱਲ ਹੈ। ਉਹਨਾਂ ਕਿਹਾ ਕਿ ਭਦੌੜ ਤੋਂ 'ਆਪ' ਵਿਧਾਇਕ ਲਾਭ ਸਿੰਘ ਉਗੋਕੇ ਰਾਤੋ ਰਾਤ ਇਸ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਕੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਮੁਹੱਲਾ ਕਲੀਨਿਕ ਦੀ ਕੀਮਤ 2,500,000 ਰੁਪਏ ਦੱਸੀ ਜਾਂਦੀ ਹੈ, ਜਦੋਂਕਿ ਪੰਜਾਬ ਸਰਕਾਰ ਵੱਲੋਂ ਇਸ ਮੁਹੱਲਾ ਕਲੀਨਿਕ ਨੂੰ ਸਿਰਫ਼ ਪੇਂਟ ਕੀਤਾ ਗਿਆ ਹੈ ਅਤੇ ਬੋਰਡ ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: News of Mansa: ਮਾਤਾ ਚਰਨ ਕੌਰ ਦਾ ਛਲਕਿਆ ਦਰਦ, ਪੁੱਤ ਦੇ ਇਨਸਾਫ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ
ਧੂੜ ਫੱਕ ਰਹੀ ਐਕਸਰੇ ਮਸ਼ੀਨ: ਉਨ੍ਹਾਂ ਦੱਸਿਆ ਕਿ ਇਸ ਹਸਪਤਾਲ ਵਿੱਚ ਕਰੋੜਾਂ ਰੁਪਏ ਦੀ ਲਾਗਤ ਵਾਲੀ ਐਕਸਰੇ ਮਸ਼ੀਨ ਬੈੱਡ ਅਤੇ ਹੋਰ ਆਧੁਨਿਕ ਮਸ਼ੀਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਤਾਲਾ ਲਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਵੱਲੋਂ ਸਥਾਨਕ ਵਿਧਾਇਕ ਨੂੰ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹਣਾ ਹੈ ਤਾਂ ਵੱਖਰੀ ਜਗ੍ਹਾ ਦਿੱਤੀ ਜਾਵੇਗੀ। ਇਸ ਲਈ ਪੰਚਾਇਤ ਅਤੇ ਇਸ ਹਸਪਤਾਲ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ, ਪਰ ਪੰਜਾਬ ਸਰਕਾਰ ਵੱਲੋਂ 25 ਬਿਸਤਰਿਆਂ ਵਾਲੇ ਹਸਪਤਾਲ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰਕੇ ਸਥਾਨਕ ਲੋਕਾਂ ਤੋਂ ਸਿਹਤ ਸੇਵਾਵਾਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਸਾਬਕਾ ਮੁੱਖ ਮੰਤਰੀ ਆਪਣੀਆਂ ਤਸਵੀਰਾਂ ਐਂਬੂਲੈਂਸਾਂ ਆਦਿ 'ਤੇ ਲਗਾਉਂਦੇ ਸਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ 'ਤੇ ਵਿਅੰਗ ਕੱਸਦੇ ਸਨ ਪਰ ਹੁਣ ਪੰਜਾਬ 'ਚ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਅਤੇ ਹੋਰ ਕੰਮਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਮਾਨ ਦੀ ਫੋਟੋ ਲਗਾਈ ਜਾ ਰਹੀ ਹੈ।