ਬਰਨਾਲਾ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹਰ ਤਬਕਾ ਪ੍ਰਭਾਵਿਤ ਹੋ ਰਿਹਾ ਹੈ। ਇਸ ਮਹਾਂਮਾਰੀ ਦੌਰਾਨ ਕਈ ਵਰਗ ਫਰੰਟ ਲਾਈਨ 'ਤੇ ਆ ਕੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕੰਮ ਕਰ ਰਹੇ ਹਨ। ਸਰਕਾਰੀ ਵਿਭਾਗਾਂ ਦੇ ਕਰਮਚਾਰੀ ਵੀ ਆਪਣੀ ਡਿਊਟੀ ਲਗਾਤਾਰ ਤਨਦੇਹੀ ਨਾਲ ਨਿਭਾ ਰਹੇ ਹਨ।
ਬਹੁ-ਗਿਣਤੀ ਸਰਕਾਰੀ ਕਰਮਚਾਰੀਆਂ ਲਈ ਸਰਕਾਰ ਵੱਲੋਂ ਵਿਸ਼ੇਸ਼ ਬੀਮਾ ਯੋਜਨਾ ਦਾ ਵੀ ਐਲਾਨ ਕੀਤਾ ਗਿਆ ਹੈ ਤਾਂ ਕਿ ਮੁਲਾਜ਼ਮਾਂ ਦਾ ਹੌਸਲਾ ਵਧ ਸਕੇ ਪਰ ਕੁਝ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੁਸ਼ਕਲ ਘੜੀ ਵਿੱਚ ਕਰਵਾਈ ਜਾ ਰਹੀਆਂ ਡਿਊਟੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।
ਇਨ੍ਹਾਂ ਵਿੱਚੋਂ ਹੀ ਅਹਿਮ ਮੁਲਾਜ਼ਮ ਹਨ ਆਂਗਣਵਾੜੀ ਕੇਂਦਰਾਂ ਨਾਲ ਜੁੜੇ ਮੁਲਾਜ਼ਮ। ਇਨ੍ਹਾਂ ਦੀਆਂ ਸੇਵਾਵਾਂ ਨੂੰ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇੱਕ ਆਂਗਨਵਾੜੀ ਕੇਂਦਰ ਵਿੱਚ ਇੱਕ ਆਂਗਨਵਾੜੀ ਵਰਕਰ ਅਤੇ ਹੈਲਪਰ ਡਿਊਟੀ ਦੇ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਤਹਿਤ ਆਂਗਨਵਾੜੀ ਕੇਂਦਰ ਪੂਰੀ ਤਰ੍ਹਾਂ ਬੰਦ ਕੀਤੇ ਗਏ ਹਨ। ਉੱਥੇ ਹੀ ਆਂਗਨਵਾੜੀ ਕੇਂਦਰਾਂ ਨਾਲ ਜੁੜੇ ਹੋਏ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਦੇਖ ਭਾਲ ਅਤੇ ਉਨ੍ਹਾਂ ਨੂੰ ਪੋਸ਼ਟਿਕ ਆਹਾਰ ਘਰ-ਘਰ ਪਹੁੰਚਾਉਣ ਲਈ ਆਂਗਨਵਾੜੀ ਕਰਮਚਾਰੀਆਂ ਵੱਲੋਂ ਲਗਾਤਾਰ ਆਪਣੀ ਡਿਊਟੀ 5 ਮਹੀਨਿਆਂ ਤੋਂ ਨਿਭਾਈ ਜਾ ਰਹੀ ਹੈ।
ਇਨ੍ਹਾਂ ਕਰਮਚਾਰੀਆਂ ਨੂੰ ਨਾ ਤਾਂ ਸੈਨੀਟਾਈਜ਼ਰ, ਮਾਸਕ ਮੁਹੱਈਆ ਕਰਵਾਏ ਹਨ ਅਤੇ ਨਾ ਹੀ ਇਨ੍ਹਾਂ ਦੀ ਸਿਹਤ ਦਾ ਕੋਈ ਬੀਮਾ ਕੀਤਾ ਗਿਆ ਹੈ। ਇਹ ਆਂਗਨਵਾੜੀ ਵਰਕਰ ਘਰ-ਘਰ ਜਾ ਕੇ ਰੁਜ਼ਾਨਾ ਸੈਂਕੜੇ ਦੀ ਗਿਣਤੀ ਵਿੱਚ ਲੋਕਾਂ ਦੇ ਸੰਪਰਕ ਵਿੱਚ ਆ ਰਹੇ ਹਨ ਅਤੇ ਕਿਸੇ ਸਮੇਂ ਵੀ ਖ਼ੁਦ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋ ਸਕਦੇ ਹਨ।
ਘਰ-ਘਰ ਪਹੁੰਚਾਉਂਦੀਆਂ ਹਨ ਪੌਸ਼ਟਿਕ ਆਹਾਰ
ਇਸ ਸਬੰਧੀ ਗੱਲਬਾਤ ਕਰਦਿਆਂ ਆਂਗਨਵਾੜੀ ਸੁਪਰਵਾਈਜ਼ਰ, ਵਰਕਰ ਅਤੇ ਹੈਲਪਰ ਨੇ ਦੱਸਿਆ ਕਿ ਬਰਨਾਲਾ ਵਿੱਚ 600 ਤੋਂ ਵਧੇਰੇ ਆਂਗਨਵਾੜੀ ਕੇਂਦਰ ਚੱਲ ਰਹੇ ਹਨ। ਇਨ੍ਹਾਂ ਵਿੱਚ ਲਗਾਤਾਰ ਆਂਗਨਵਾੜੀ ਵਰਕਰਾਂ ਵੱਲੋਂ ਆਪਣੀ ਡਿਊਟੀ ਦਿੱਤੀ ਜਾ ਰਹੀ ਹੈ। ਸਰਕਾਰ ਵੱਲੋਂ ਬੱਚਿਆਂ ਅਤੇ ਮਾਵਾਂ ਲਈ ਭੇਜੇ ਜਾ ਰਹੇ ਪੌਸ਼ਟਿਕ ਖਾਣੇ ਨੂੰ ਲਗਾਤਾਰ ਉਨ੍ਹਾਂ ਵੱਲੋਂ ਘਰ-ਘਰ ਜਾ ਕੇ ਪਹੁੰਚਾਇਆ ਜਾ ਰਿਹਾ ਹੈ।
ਲੋਕਾਂ ਨੂੰ ਕੋਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਆਂਗਨਵਾੜੀ ਕੇਂਦਰਾਂ ਵਿੱਚ ਬੱਚੇ ਆਉਂਦੇ ਸਨ ਅਤੇ ਉਨ੍ਹਾਂ ਨੂੰ ਖਾਣਾ ਬਣਾ ਕੇ ਕੇਂਦਰ ਵਿੱਚ ਹੀ ਦਿੱਤਾ ਜਾਂਦਾ ਸੀ। ਕੋਰੋਨਾ ਵਾਇਰਸ ਕਰਕੇ ਇਹ ਕੇਂਦਰ ਬੰਦ ਕਰ ਦਿੱਤੇ ਗਏ। ਘਰ-ਘਰ ਜਾ ਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਬਾਰੇ ਜਾਣਕਾਰੀ ਇਕੱਤਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਸਰਕਾਰ ਵੱਲੋਂ ਉਨ੍ਹਾਂ ਤੋਂ ਆਂਗਨਵਾੜੀ ਕੇਂਦਰਾਂ ਦੇ ਨਾਲ ਨਾਲ ਪੈਨਸ਼ਨਾਂ ਸਮੇਤ ਹੋਰ ਕੰਮ ਵੀ ਲਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਆਂਗਣਵਾੜੀ ਕੇਂਦਰਾਂ ਵਿੱਚ ਪਹੁੰਚਣ ਵਾਲੇ ਬੱਚਿਆਂ ਦੇ ਭਾਰ ਮਾਪਣ ਸਮੇਤ ਕੱਦ ਵਗੈਰਾ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਤਾਂ ਕਿ ਬੱਚੇ ਨੂੰ ਕੁਪੋਸ਼ਣ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਖਾਣਾ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਮੌਕੇ ਉਨ੍ਹਾਂ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਘਰ ਘਰ ਜਾ ਕੇ ਰਾਸ਼ਨ ਦਿੱਤਾ ਗਿਆ ਹੈ। ਜਦੋਂ ਕਿ ਆਂਗਣਵਾੜੀ ਕੇਂਦਰਾਂ ਦੇ ਨਜ਼ਦੀਕ ਰਹਿਣ ਵਾਲੇ ਲੋਕ ਖੁਦ ਆਂਗਣਵਾੜੀ ਕੇਂਦਰ ਵਿੱਚ ਪਹੁੰਚ ਕੇ ਇਹ ਰਾਸ਼ਨ ਲਿਜਾਂਦੇ ਰਹੇ ਹਨ।
ਸਰਕਾਰ ਨੇ ਉਨ੍ਹਾਂ ਦੀ ਡਿਊਟੀ ਨੂੰ ਅਣਦੇਖਿਆ ਕੀਤਾ
ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਦਿੱਤੀਆਂ ਜਾਣ ਉਨ੍ਹਾਂ 'ਤੇ ਪੂਰੀ ਤਰ੍ਹਾਂ ਫੁੱਲ ਲਾਏ ਗਏ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਡਿਊਟੀ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਕਰੋਨਾ ਮਹਾਂਮਾਰੀ ਮੌਕੇ ਸਰਕਾਰ ਵੱਲੋਂ ਉਨ੍ਹਾਂ ਨੂੰ ਸੈਨੀਟਾਈਜ਼ਰ ਅਤੇ ਮਾਸਿਕ ਹੋਰ ਵੀ ਮੁਹੱਈਆ ਨਹੀਂ ਕਰਵਾਏ ਗਏ। ਉਨ੍ਹਾਂ ਵੱਲੋਂ ਆਪਣੇ ਪੱਧਰ 'ਤੇ ਹੀ ਇਸ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਤਰ੍ਹਾਂ ਹੋਰਨਾਂ ਵਿਭਾਗਾਂ ਦੇ ਸਰਕਾਰੀ ਮੁਲਾਜ਼ਮਾਂ ਦਾ 50 ਲੱਖ ਦਾ ਸਰਕਾਰ ਨੇ ਬੀਮਾ ਕੀਤਾ ਹੈ ਆਂਗਨਵਾੜੀ ਵਰਕਰਾਂ ਨੂੰ ਇਹ ਬੀਮਾ ਵੀ ਨਹੀਂ ਦਿੱਤਾ ਗਿਆ। ਜਦੋਂ ਕਿ ਸਭ ਤੋਂ ਵੱਧ ਜਾਨ ਜੋਖ਼ਮ ਵਿੱਚ ਆਂਗਣਵਾੜੀ ਵਰਕਰ ਵੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਸਰਕਾਰ ਵਿਭਾਗ ਵਿੱਚ ਪੱਕਾ ਕਰੇ। ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਦੇ ਪੰਜਾਹ ਲੱਖ ਦੇ ਬੀਮੇ ਦਾ ਪ੍ਰਬੰਧ ਕੀਤਾ ਜਾਵੇ।
ਕਿਉਂਕਿ ਇਨ੍ਹਾਂ ਆਂਗਨਵਾੜੀ ਮੁਲਾਜ਼ਮਾਂ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਘਰ ਘਰ ਜਾ ਕੇ ਰਾਸ਼ਨ ਪਹੁੰਚਾਇਆ ਗਿਆ ਹੈ। ਉੱਥੇ ਹੀ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਆਂਗਨਵਾੜੀ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹੋਰਨਾਂ ਮੁਲਾਜ਼ਮਾਂ ਵਾਂਗ ਇਨ੍ਹਾਂ ਨੂੰ ਪੱਕਾ ਕੀਤਾ ਜਾਵੇ ਅਤੇ ਇਨ੍ਹਾਂ ਦਾ ਵੀ 50 ਲੱਖ ਦਾ ਬੀਮਾ ਕੀਤਾ ਜਾਵੇ।
ਬਰਨਾਲਾ 'ਚ 669 ਆਂਗਨਵਾੜੀ ਕੇਂਦਰ
ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ 669 ਆਂਗਣਵਾੜੀ ਕੇਂਦਰ ਚੱਲ ਰਹੇ ਹਨ। ਜਿਨ੍ਹਾਂ ਵਿੱਚ 6 ਮਹੀਨੇ ਤੋਂ ਲੈ ਕੇ ਇਸੇ ਸਾਲ ਤੱਕ ਦੇ ਬੱਚੇ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਊ ਮਾਵਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਲਾਭ ਦਿੱਤੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਇਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਆਂਗਨਵਾੜੀ ਕੇਂਦਰਾਂ ਵਿੱਚ ਹੀ ਰਾਸ਼ਨ ਅਤੇ ਸਿਹਤ ਚੈੱਕਅਪ ਦੇ ਲਾਭ ਦਿੱਤੇ ਜਾਂਦੇ ਹਨ। ਪਰ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਆਦੇਸ਼ਾਂ ਅਨੁਸਾਰ ਇਹ ਸਾਰੇ ਲਾਭ ਘਰ ਘਰ ਜਾ ਕੇ ਪਹੁੰਚਾਏ ਜਾ ਰਹੇ ਹਨ। ਆਂਗਨਵਾੜੀ ਵਰਕਰਾਂ ਵੱਲੋਂ ਫਰੰਟ ਲਾਈਨ ਤੇ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਬਕਾਇਦਾ ਆਂਗਣਵਾੜੀ ਕੇਂਦਰਾਂ ਵਿੱਚ ਕੱਦ ਮਾਪਣ ਵਾਲੇ ਅਤੇ ਭਾਰ ਤੋਲਣ ਵਾਲੇ ਯੰਤਰ ਰੱਖੇ ਗਏ ਹਨ।