ਬਰਨਾਲਾ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਦੇ ਚੱਲਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਜਿੱਥੇ ਇੱਕ ਪਾਸੇ ਸਰਕਾਰਾਂ ਅਤੇ ਸਿਹਤ ਵਿਭਾਗ ਵੱਲੋਂ ਪ੍ਰਬੰਧਾਂ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਹਨ। ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਕੋਰੋਨਾ ਚੋਂ ਲੋਕਾਂ ਨੂੰ ਬਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ।
ਲੋਕਾਂ ਲਈ ਬਣਾਇਆ ਗਿਆ ਆਕਸੀਮੀਟਰ ਬੈਂਕ
ਦੱਸ ਦਈਏ ਕਿ ਬਰਨਾਲਾ ਦੇ ਐੱਸਐੱਸਪੀ ਸੰਦੀਪ ਗੋਇਲ ਦੇ ਯਤਨਾਂ ਸਦਕਾ ਕੈਮਿਸਟ ਐਸੋਸੀਏਸ਼ਨ, ਟਰਾਈਡੈਂਟ ਗਰੁੱਪ, ਰਾਮਬਾਗ ਕਮੇਟੀ ਦੇ ਸਹਿਯੋਗ ਨਾਲ ਇੱਕ ਆਕਸੀਮੀਟਰ ਬੈਂਕ ਬਣਾਈ ਗਈ ਹੈ। ਇਸ ਆਕਸੀਮੀਟਰ ਬੈਂਕ ਵਿੱਚ ਪਹਿਲੇ ਪੜਾਅ ਤਹਿਤ 300 ਆਕਸੀਮੀਟਰ ਦੇ ਪ੍ਰਬੰਧ ਕੀਤੇ ਗਏ ਹਨ। ਇਹ ਆਕਸੀਮੀਟਰ ਕੋਰੋਨਾ ਤੋਂ ਪੀੜਤ ਲੋਕਾਂ ਅਤੇ ਲੋੜਵੰਦਾਂ ਨੂੰ ਦਿੱਤੇ ਜਾਣਗੇ। ਜਿਸ ਲਈ 1500 ਰੁਪਏ ਸਕਿਉਰਿਟੀ ਫੀਸ ਰੱਖੀ ਗਈ ਹੈ। ਆਕਸੀਮੀਟਰ ਮੋੜਨ 'ਤੇ ਸਕਿਉਰਿਟੀ ਫੀਸ ਵਾਪਸ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਆਕਸੀਮੀਟਰ ਦੇ ਨਾਲ ਲੋੜਵੰਦ ਨੂੰ ਥਰਮਾਮੀਟਰ, ਓਆਰਸ, ਮਾਸਕ, ਸੈਨੀਟਾਈਜ਼ਰ, ਮਲਟੀਵਿਟਾਮਿਨ ਗੋਲੀਆਂ ਅਤੇ ਸਾਬਣ ਆਦਿ ਕਿੱਟ ਮੁਫ਼ਤ ਦਿੱਤੀ ਜਾਵੇਗੀ।
'ਆਕਸੀਮੀਟਰ ਬੈਂਕ ਲੋਕਾਂ ਲਈ ਲਾਹੇਵੰਦ'
ਇਸ ਮੌਕੇ ਐੱਸਐੱਸਪੀ ਬਰਨਾਲਾ ਸੰਦੀਪ ਗੋਇਲ ਨੇ ਦੱਸਿਆ ਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਇੱਕ ਪਲੇਟਫਾਰਮ ਤੇ ਇਕਜੁੱਟ ਹੋ ਕੇ ਇਹ ਉਪਰਾਲਾ ਕਰ ਰਹੀਆਂ ਹਨ। ਇਹ ਆਕਸੀਮੀਟਰ ਬੈਂਕ ਦੀ ਸ਼ੁਰੂਆਤ ਬਰਨਾਲਾ ਵਾਸੀਆਂ ਲਈ ਬੇਹੱਦ ਲਾਹੇਵੰਦ ਰਹੇਗੀ।
'ਪ੍ਰਸ਼ਾਸਨ ਨੂੰ ਦਿੱਤਾ ਜਾਵੇਗਾ ਪੂਰਾ ਸਹਿਯੋਗ'
ਇਸ ਮੌਕੇ ਰਾਮ ਬਾਗ ਕਮੇਟੀ ਦੇ ਪ੍ਰਧਾਨ ਭਾਰਤ ਮੋਦੀ ਅਤੇ ਕੈਮਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਕਮਲਜੀਤ ਨੇ ਕਿਹਾ ਕਿ ਆਕਸੀਮੀਟਰ ਬੈਂਕ ਲਈ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਬਣਦਾ ਸਹਿਯੋਗ ਪ੍ਰਸ਼ਾਸਨ ਨੂੰ ਦਿੱਤਾ ਜਾਵੇਗਾ।
ਇਹ ਵੀ ਪੜੋ: ਸੋਮਵਾਰ ਨੂੰ ਭਾਰਤ 'ਚ ਕੋਰੋਨਾ ਦੇ 3,29,942 ਨਵੇਂ ਮਾਮਲੇ, 3,876 ਮੌਤਾਂ