ਬਰਨਾਲਾ: ਕੋਰੋਨਾ ਵਾਇਰਸ ਦੇ ਕਾਰਨ ਲੰਬੇ ਸਮੇਂ ਤੋਂ ਬਾਅਦ ਸੂਬੇ ਭਰ ਚ ਵਿੱਦਿਅਕ ਅਦਾਰੇ ਪੂਰੀ ਤਰ੍ਹਾਂ ਖੋਲ੍ਹੇ ਗਏ ਹਨ। ਜ਼ਿਲ੍ਹੇ ਚ ਪਹਿਲੇ ਹੀ ਦਿਨ ਵੱਡੀ ਗਿਣਤੀ ਚ ਬੱਚੇ ਸਕੂਲ ਪੂਰੇ ਉਤਸਾਹ ਨਾਲ ਪਹੁੰਚੇ। ਅਧਿਆਪਕਾਂ ਵੱਲੋਂ ਬੱਚਿਆ ਦਾ ਸਕੂਲ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਸਕੂਲ ’ਚ ਕੋਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ।
'ਪੰਜਾਬ ਸਰਕਾਰ ਦਾ ਚੰਗਾ ਫੈਸਲਾ'
ਬੱਚਿਆ ਨੂੰ ਸਕੂਲ ਛੱਡਣ ਆਏ ਮਾਪਿਆਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਕਾਰਨ ਸਕੂਲ ਬੰਦ ਸੀ। ਪਰ ਹੁਣ ਮੁੜ ਤੋਂ ਸਕੂਲ ਖੁੱਲ੍ਹ ਗਏ ਹਨ ਸਰਕਾਰ ਦਾ ਇਹ ਚੰਗਾ ਫੈਸਲਾ ਹੈ। ਬੱਚਿਆ ਨੂੰ ਆਨਲਾਈਨ ਪੜਾਈ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹੁਣ ਸਕੂਲ ਖੁੱਲ੍ਹਣ ਨਾਲ ਉਨ੍ਹਾਂ ਨੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ।
'ਕੋਰੋਨਾ ਨਿਯਮਾਂ ਦੀ ਕੀਤੀ ਜਾ ਰਹੀ ਪਾਲਣਾ'
ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਿਕ ਸਕੂਲ ਖੁੱਲ੍ਹ ਰਹੇ ਹਨ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲ ਖੁੱਲ੍ਹੇ ਜਾਣ ਨੂੰ ਲੈ ਕੇ ਆਪਣੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕੋਰੋਨਾ ਦੀ ਤੀਜ਼ੀ ਲਹਿਰ ਦੇ ਮੱਦੇਨਜਰ ਸਕੂਲਾਂ ਵਿੱਚ ਸੈਨੇਟਾਈਜਰ ਅਤੇ ਮਾਸਕ ਦਾ ਇੰਤਜਾਮ ਕੀਤਾ ਗਿਆ ਹੈ ਅਤੇ ਬੱਚਿਆਂ ਨੂੰ ਵੀ ਆਪਣੇ ਨਾਲ ਮਾਸਕ ਅਤੇ ਸੈਨੇਟਾਈਜਰ ਰੱਖਣ ਲਈ ਕਿਹਾ ਗਿਆ ਹੈ ਅਤੇ ਬੱਚੇ ਆਪਣੇ ਨਾਲ ਲੈ ਕੇ ਵੀ ਆਏ ਹਨ।
ਇਹ ਵੀ ਪੜੋ: ਸਕੂਲਾਂ 'ਚ ਮੁੜ ਲੱਗੀਆਂ ਰੌਣਕਾਂ
ਲੰਬੇ ਸਮੇਂ ਬਾਅਦ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਕੋਰੋਨਾ ਦੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਕੂਲ ਬੰਦ ਪਏ ਸੀ। ਉਨ੍ਹਾਂ ਦੀ ਪੜਾਈ ਬੇਸ਼ੱਕ ਆਨਲਾਈਨ ਚੱਲ ਰਹੀ ਸੀ, ਪਰ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਆ ਰਹੀਆਂ ਸੀ ਪਰ ਹੁਣ ਸਕੂਲ ਖੁੱਲ੍ਹਣ ਨਾਲ ਉਨ੍ਹਾਂ ਦੀ ਪੜਾਈ ਵਧੀਆਂ ਤਰੀਕੇ ਨਾਲ ਹੋ ਪਾਵੇਗੀ।