ਬਰਨਾਲਾ: ਪੰਜਾਬ ਵਿੱਚ ਪਿਛਲੇ 2-3 ਦਿਨਾਂ ਤੋਂ ਲਗਾਤਾਰ ਬਿਜਲੀ ਦੇ ਲੱਗ ਰਹੇ ਲੰਬੇ ਲੰਬੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹਨ। ਸਿਆਸੀ ਪਾਰਟੀਆਂ ਵੱਲੋਂ ਇਸ 'ਤੇ ਰਾਜਨੀਤੀ ਵੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਭਰ ਵਿਚ ਬਿਜਲੀ ਦੇ ਲੱਗ ਰਹੇ ਕੱਟਾਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਹ ਵੀ ਪੜੋ: ਬਿਜਲੀ ਸੰਕਟ ਦੇ ਮੁੱਦੇ ਤੇ ਭਲਕੇ ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰੇਗੀ 'ਆਪ'
ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਵੱਲੋਂ ਬਰਨਾਲਾ ਦੇ ਮੇਨ ਗਰਿੱਡ ਸਥਾਨਕ ਕਸਬਾ ਹੰਡਿਆਇਆ ਵਿਖੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਇਸ ਰੋਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੇ ਜ਼ਿਲ੍ਹੇ ਦੀ ਲੀਡਰਸ਼ਿਪ ਅਤੇ ਜ਼ਿਲ੍ਹੇ ਦੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਕੈਪਟਨ ਸਰਕਾਰ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਪਿਛਲੇ ਦਸ ਸਾਲ ਅਕਾਲੀ ਦਲ ਦੀ ਸਰਕਾਰ ਸਮੇਂ ਖੇਤੀ ਮੋਟਰਾਂ 'ਤੇ ਘਰਾਂ ਦੀ ਬਿਜਲੀ ਦਾ ਇਕ ਵੀ ਘੱਟ ਕਦੇ ਨਹੀਂ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਕੈਪਟਨ ਆਪਣੇ ਮਹਿਲਾਂ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਅਤੇ ਗਰਾਊਂਡ 'ਤੇ ਕੀ ਹੋ ਰਿਹਾ ਹੈ, ਉਨ੍ਹਾਂ ਨੂੰ ਕੁੱਝ ਨਹੀਂ ਪਤਾ।
ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਥਾਂ ਕਾਂਗਰਸ ਆਪਣੇ ਕਾਟੋ ਕਲੇਸ਼ ਵਿੱਚ ਉਲਝੀ ਹੋਈ ਹੈ। ਇਸ ਮੌਕੇ ਅਕਾਲੀ ਦਲ ਦੇ ਆਗੂਆਂ ਨੇ ਦੱਸਿਆ ਕਿ ਇਹ ਇੱਕ ਸੰਕੇਤਕ ਧਰਨਾ ਸੀ। ਆਉਣ ਵਾਲੇ ਸਮੇਂ ਵਿੱਚ ਬਿਜਲੀ ਕੱਟਾਂ ਦਾ ਹੱਲ ਸਰਕਾਰ ਨੇ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ।
ਇਹ ਵੀ ਪੜੋ: ਬਿਜਲੀ ਸੰਕਟ ਲਈ ਕੈਪਟਨ ਦੀ ਨਾਲਾਇਕੀ ਜ਼ਿੰਮੇਵਾਰ : ਸੁਖਬੀਰ