ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਜਥੇਬੰਦੀ ਆਗੂਆਂ ਨਾਲ ਪੰਜਾਬ ਦੇ ਪਾਣੀਆਂ, ਆਵਾਰਾ ਪਸ਼ੂਆਂ ਦੀ ਸਮੱਸਿਆ, ਪਰਾਲੀ ਦੀ ਸਮੱਸਿਆ ਵਰਗੇ ਅਹਿਮ ਮਸਲਿਆਂ 'ਤੇ ਮੀਟਿੰਗਾਂ ਕੀਤੀਆਂ ਗਈਆਂ।
ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਜੇਕਰ ਪੰਜਾਬ ਦੇ ਪਾਣੀ ਨੂੰ ਹਿਮਾਚਲ 'ਚ ਬੰਨ੍ਹ ਲਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਨੂੰ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ 6 ਮਹੀਨੇ ਜਥੇਬੰਦੀ ਨੇ ਐੱਸਵਾਈਐੱਲ ਨਹਿਰ ਵਿੱਚ ਬੈਠ ਕੇ ਇਸ ਨੂੰ ਰੋਕਿਆ ਸੀ, ਅਤੇ ਇਸ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਹਰਿਆਣਾ ਨਾਲ ਸਾਡਾ ਕੋਈ ਰੌਲਾ ਨਹੀਂ ਹੈ। ਹਰਿਆਣਾ ਪਹਿਲਾਂ ਹੀ 45% ਪੰਜਾਬ ਦਾ ਪਾਣੀ ਲੈ ਰਿਹਾ ਹੈ, ਜਦੋਂ ਕਿ ਜਮੁਨਾ ਵਿੱਚੋਂ ਪੰਜਾਬ ਨੂੰ ਇਕ ਬੂੰਦ ਵੀ ਪਾਣੀ ਨਹੀਂ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋਂ: ਜੰਮੂ ਕਸ਼ਮੀਰ: ਪੰਜਾਬ ਦੇ 2 ਸੇਬ ਵਪਾਰੀਆਂ ਉੱਤੇ ਅੱਤਵਾਦੀ ਹਮਲਾ, 1 ਦੀ ਮੌਤ
ਪਰਾਲੀ ਦੀ ਸਮੱਸਿਆ ਤੇ ਬੋਲਦਿਆਂ ਲੱਖੋਵਾਲ ਨੇ ਕਿਹਾ ਕਿ ਅਸੀਂ ਪਰਾਲੀ ਨੂੰ ਅੱਗ ਲਾਉਣਾ ਨਹੀਂ ਚਾਹੁੰਦੇ। ਇਸ ਦਾ ਸਭ ਤੋਂ ਪਹਿਲਾਂ ਅਸਰ ਸਾਡੇ ਹੀ ਘਰਾਂ 'ਤੇ ਹੀ ਪੈਂਦਾ ਹੈ, ਪਰ ਅਸੀਂ ਮਜਬੂਰ ਹਾਂ। ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਸਰਕਾਰਾਂ ਨੇ ਜਾਰੀ ਨਹੀਂ ਕੀਤਾ । ਸਰਕਾਰ ਨੇ ਨਾ ਤਾਂ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਹੈ, ਅਤੇ ਨਾ ਹੀ ਮਸ਼ੀਨਰੀ। ਜਿਸ ਕਰਕੇ ਏਨੇ ਵੱਡੇ ਪੱਧਰ ਤੇ ਪੈਦਾ ਹੁੰਦੀ ਪਰਾਲੀ ਨੂੰ ਸੰਭਾਲਣਾ ਕਿਸਾਨ ਦੇ ਵੱਸ ਦੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦਾ ਹੱਲ ਕਰਨ ਦੀ ਬਿਜਾਏ, ਕਿਸਾਨਾਂ ਨੂੰ ਗਿਰਦਾਵਰੀ 'ਤੇ ਲਾਲ ਲਕੀਰ ਮਾਰਨ, ਬਿਜਲੀ ਕੁਨੈਕਸ਼ਨ ਕੱਟਣ ਦੇ ਦਾਬੇ ਮਾਰ ਰਹੀ ਹੈ।