ਬਰਨਾਲਾ : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸੇ ਤਹਿਤ ਅੱਜ ਬਰਨਾਲਾ ਹਲਕੇ ਵਿੱਚ ਆਪ ਦੇ ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਪਹੁੰਚੇ।
ਇਸ ਦੌਰਾਨ 'ਆਪ' ਵਲੋਂ ਸ਼ਰੇਆਮ ਚੋਣ ਕਮਿਸ਼ਨ ਦੇ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਭਗਵੰਤ ਮਾਨ ਵਲੋਂ ਮੀਤ ਹੇਅਰ ਦੇ ਹੱਕ ਵਿੱਚ ਵੱਡਾ ਰੋਡ ਸੋਅ ਕੱਢਿਆ ਗਿਆ। ਜੋ ਸੰਘੇੜਾ ਪਿੰਡ ਤੋਂ ਸ਼ੁਰੂ ਹੋ ਕੇ ਬਰਨਾਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਗਿਆ। ਜਿਸ ਨਾਲ ਬਰਨਾਲਾ ਦੇ ਬਾਜ਼ਾਰਾਂ ਵਿੱਚ ਟਰੈਫਿਕ ਜਾਮ ਵੀ ਦੇਖਣ ਨੂੰ ਮਿਲਿਆ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੀਮਤ ਇਕੱਠ ਕਰਕੇ ਚੋਣ ਪ੍ਰਚਾਰ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਜਦਕਿ ਵੱਡੀਆਂ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ 'ਤੇ ਸਖ਼ਤ ਪਾਬੰਦੀਆਂ ਹਨ। ਪ੍ਰੰਤੂ ਇਸਦੇ ਉਲਟ ਆਮ ਆਦਮੀ ਪਾਰਟੀ ਵਲੋਂ ਵੱਡਾ ਰੋਡ ਸ਼ੋਅ ਕੱਢਿਆ ਗਿਆ।
ਇਸ ਰੋਡ ਸ਼ੋਅ ਦੌਰਾਨ ਸੈਂਕੜੇ ਮੋਟਰਸਾਈਕਲ ਅਤੇ ਅਨੇਕਾਂ ਗੱਡੀਆਂ ਸ਼ਾਮਲ ਸਨ। ਜਿਹਨਾਂ ਉਪਰ ਪਾਰਟੀ ਦੇ ਵੱਡੇ ਝੰਡੇ ਲੱਗੇ ਹੋਏ ਸਨ। ਇਸ ਦੌਰਾਨ ਗੱਡੀਆਂ 'ਤੇ ਸਪੀਕਰ ਲਗਾਏ ਹੋਏ ਸਨ। ਜਿਸ 'ਤੇ ਚੋਣ ਕਮਿਸ਼ਨ ਦੀ ਪਾਬੰਦੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਬਰਨਾਲਾ ਦੇ ਲੋਕਾਂ ਨੂੰ ਮੀਤ ਹੇਅਰ ਨੂੰ ਜਿਤਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ, ਵਪਾਰ, ਕਿਸਾਨੀ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਜ਼ਰੂਰੀ ਹੈ, ਜਿਸ ਲਈ ਪੰਜਾਬ ਦੇ ਲੋਕਾਂ ਦੇ ਸਾਥ ਦੀ ਬਹੁਤ ਲੋੜ ਹੈ।
ਇਹ ਵੀ ਪੜ੍ਹੋ : ED ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਦਾ ਅੱਠ ਫਰਵਰੀ ਤੱਕ ਮਿਲਿਆ ਰਿਮਾਂਡ