ਬਰਨਾਲਾ: ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਜਿੱਥੇ ਅੱਜ ਸ਼ੁੱਕਰਵਾਰ ਨੂੰ 400 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਗਿਆ। ਉੱਥੇ ਹੀ ਮੁਹੱਲਾ ਕਲੀਨਿਕ ਨੂੰ ਲੈ ਕੇ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਵਲੋਂ ਕਸਬਾ ਸ਼ਹਿਣਾ ਦੇ ਸਰਪੰਚ ਦੇ ਬੇਟੇ ਨੂੰ ਧਮਕੀ ਦੇਣ ਦੀ ਵੀਡੀਓ ਵਾਇਰਲ ਹੋਣ ਨਾਲ 'ਆਪ' ਵਿਧਾਇਕ ਦੀ ਕਾਫ਼ੀ ਕਿਰਕਰੀ ਹੋ ਰਹੀ ਹੈ। ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਆਪ ਵਿਧਾਇਕ ਹਲਕਾ ਭਦੌੜ ਦੇ ਕਸਬਾ ਸ਼ਹਿਣਾ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਸਨ।
ਵਿਧਾਇਕ ਲਾਭ ਸਿੰਘ ਉਗੋਕੇ ਨੇ ਸਰਪੰਚ ਦੇ ਬੇਟੇ ਨੂੰ ਧਮਕੀ ਦੇ ਦਿੱਤੀ:- ਜਾਣਕਾਰੀ ਅਨੁਸਾਰ ਹਲਕਾ ਭਦੌੜ ਦੇ ਕਸਬਾ ਸ਼ਹਿਣਾ ਵਿਖੇ ਪਿੰਡ ਦੇ ਸਰਪੰਚ ਦੇ ਬੇਟੇ ਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਦੀ ਅਗਵਾਈ ਵਿੱਚ ਇਸ ਕਲੀਨਿਕ ਦਾ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ। ਜਦੋਂ ਵਿਧਾਇਕ ਲਾਭ ਸਿੰਘ ਉਗੋਕੇ ਪਹੁੰਚੇ ਅਤੇ ਵਿਰੋਧ ਕਰ ਰਹੇ ਲੋਕਾਂ ਦੀ ਗੱਲ ਸੁਣਨ ਲਈ ਉਹ ਰੁੱਕ ਗਏ। ਇਸੇ ਦਰਮਿਆਨ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਸਰਪੰਚ ਦੇ ਬੇਟੇ ਦੀ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਰਪੰਚ ਦੇ ਬੇਟੇ ਨੂੰ ਧਮਕੀ ਦੇ ਦਿੱਤੀ। ਵਿਧਾਇਕ ਲਾਭ ਸਿੰਘ ਉਗੋਕੇ ਦੇ ਮੂੰਹੋਂ ਨਿਕਲੇ ਬੋਲ ਹਨ ‘ਜੇ ਤੈਨੂੰ ਮਾਰ-ਮਾਰ ਛਿੱਤਰ ਜੇਲ੍ਹ ਵਿੱਚ ਸੁੱਟਿਆ ਹੁੰਦਾ’। ਇਸ ਤੋਂ ਬਾਅਦ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਕਲੀਨਿਕ ਦਾ ਵਿਰੋਧ ਕਰ ਰਹੇ ਲੋਕਾਂ ਵਲੋਂ ਆਪ ਵਿਧਾਇਕ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।
'ਆਪ' ਵਿਧਾਇਕ ਨੇ ਇਲਜ਼ਾਮ ਨਕਾਰੇ:- ਇਸ ਸਬੰਧੀ ਗੱਲਬਾਤ ਕਰਦਿਆਂ 'ਆਪ' ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ 'ਆਪ' ਸਰਕਾਰ ਸਿਹਤ ਸਹੂਲਤਾਂ ਨੂੰ ਮੁੱਖ ਰੱਖ ਕੇ ਆਮ ਆਦਮੀ ਕਲੀਨਿਕ ਖੋਲ੍ਹ ਰਹੀ ਹੈ। ਇਸ ਕਲੀਨਿਕ ਵਿੱਚ 41 ਤਰ੍ਹਾਂ ਦੇ ਟੈਸਟ ਅਤੇ 71 ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਸ਼ਹਿਣਾ ਦੇ ਇਸ ਹਸਪਤਾਲ ਰੂਪੀ ਆਮ ਆਦਮੀ ਕਲੀਨਿਕ ਵਿੱਚ ਕਈ ਸਾਲਾਂ ਬਾਅਦ ਡਾਕਟਰ ਦੀ ਪੋਸਟ ਭਰੀ ਗਈ ਹੈ। ਉੱਥੇ ਸਰਪੰਚ ਦੇ ਬੇਟੇ ਨੂੰ ਥੱਪੜ ਮਾਰਨ ਦੀ ਗੱਲ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਸਰਪੰਚ ਮੇਰੇ ਉਪਰ ਝੂਲੇ ਇਲਜ਼ਾਮ ਲਗਾ ਰਿਹਾ ਹੈ।
ਪੰਚਾਇਤ ਵੱਲੋਂ ਹਸਪਤਾਲ ਨੂੰ ਅਪਗ੍ਰੇਡ ਕਰਨ ਦੀ ਗੱਲ ਰੱਖੀ ਗਈ:- ਉੱਥੇ ਇਸ ਸਬੰਧੀ ਸਰਪੰਚ ਦੇ ਬੇਟੇ ਉੱਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਆਪ ਵਿਧਾਇਕ ਲਾਭ ਸਿੰਘ ਉਗੋਕੇ ਸਾਡੇ ਪਿੰਡ ਸ਼ਹਿਣਾ ਵਿਖੇ ਆਇਆ ਸੀ। ਇਸ ਦੌਰਾਨ ਆਪ ਵਿਧਾਇਕ ਅੱਗੇ ਮੁਹੱਲਾ ਕਲੀਨਿਕ ਸਬੰਧੀ ਆਪਣੀ ਗੱਲ ਰੱਖੀ ਗਈ ਸੀ। ਪਰ ਵਿਧਾਇਕ ਵੱਲੋਂ ਥੱਪੜ ਮਾਰਨ ਦੀ ਧਮਕੀ ਦਿੱਤੀ ਗਈ। ਜਿਸਨੇ ਵਿਧਾਇਕ ਦੀ ਲਿਆਕਤ ਸਾਹਮਣੇ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਮੁਹੱਲਾ ਕਲੀਨਿਕ ਦਾ ਪਹਿਲਾਂ ਕਿਸਾਨ ਜੱਥੇਬੰਦੀਆਂ ਨੇ ਵੀ ਵਿਰੋਧ ਕੀਤਾ ਗਿਆ ਸੀ ਅਤੇ ਅੱਜ ਉਹ ਪੰਚਾਇਤ ਵੱਲੋਂ ਲੋਕਾਂ ਨਾਲ ਮਿਲਕੇ ਆਪਣੀ ਗੱਲ ਰੱਖੀ ਗਈ ਸੀ ਕਿ ਮੁਹੱਲਾ ਕਲੀਨਿਕ ਨਾ ਬਣਾਉ ਅਤੇ ਸਾਡੇ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇ।