ਬਰਨਾਲਾ: ਨਗਰ ਕੌਂਸਲ ਚੋਣਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਵਧਦੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਇੱਕ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਤਹਿਤ ਜਿੱਥੇ ਸੜਕਾਂ ਦੀ ਝਾੜੂ ਨਾਲ ਸਫ਼ਾਈ ਕੀਤੀ ਗਈ, ਉਥੇ ਨਗਰ ਕੌਂਸਲ ਚੋਣਾਂ ਦੌਰਾਨ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਆਵਾਜ਼ ਬੁਲੰਦ ਕੀਤੀ ਗਈ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਆਪ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਮਾਸਟਰ ਪ੍ਰੇਮ ਕੁਮਾਰ ਨੇ ਕਿਹਾ ਕਿ ਅੱਜ ਆਪ ਵਲੋਂ ‘ਸਾਰਿਆਂ ਨੂੰ ਅਜ਼ਮਾਇਆ ਸਾਰਿਆਂ ਨੂੰ ਦਿੱਤਾ ਮੌਕਾ, ਇਸ ਵਾਰੀ ਝਾੜੂ ਨੂੰ ਦਿਉ ਮੌਕਾ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਨਗਰ ਕੌਂਸਲ ਚੋਣਾਂ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਅਹਿਮ ਲਿਆ ਗਿਆ ਹੈ। ਕਿਉਂਕਿ ਨਗਰ ਕੌਂਸਲ ਚੋਣਾਂ ਲੋਕਤੰਤਰ ਦਾ ਸਭ ਤੋਂ ਹੇਠਲਾ ਹਿੱਸਾ ਹੈ। ਪਰ ਇਹ ਚੋਣਾਂ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਹੁੰਦਾ ਹੈ।
ਇਸ ਭ੍ਰਿਸ਼ਟਾਚਾਰ ਕਾਰਨ ਪਿਛਲੇ 70 ਸਾਲਾਂ ਤੋਂ ਰਵਾਇਤੀ ਪਾਰਟੀਆਂ ਨੇ ਆਮ ਲੋਕਾਂ ਦੇ ਪੀਣ ਵਾਲੇ ਪਾਣੀ ਵਰਗੇ ਬੁਨਿਆਦੀ ਮਸਲਿਆਂ ਦਾ ਵੀ ਹੱਲ ਨਹੀਂ ਕੀਤਾ। ਇਸ ਕਰਕੇ ਇਸ ਵਾਰ ਆਪ ਵਲੋਂ ਬਿਨ੍ਹਾਂ ਕਿਸੇ ਭ੍ਰਿਸ਼ਟਾਚਾਰ ਤੋਂ ਪਹਿਲੀ ਵਾਰ ਨਗਰ ਕੌਂਸਲ ਚੋਣਾਂ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਆਪ ਨੂੰ ਭਰਪੂਰ ਸਮਰੱਥਨ ਮਿਲ ਰਿਹਾ ਹੈ। ਸਾਰੇ ਉਮੀਦਵਾਰ ਬਿਨ੍ਹਾਂ ਕਿਸੇ ਨਸ਼ੇ ਅਤੇ ਪੈਸੇ ਦੇ ਸਾਫ਼ ਸੁਥਰੀ ਚੋਣ ਲੜ੍ਹ ਰਹੇ ਹਨ। ਲੋਕਾਂ ਨੂੰ ਇੱਕ ਵਾਰ ਦਿੱਲੀ ਵਾਂਗ ਮੌਕਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਨਗਰ ਕੌਂਸਲ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਹੀ ਖ਼ਤਮ ਕੀਤਾ ਜਾ ਸਕੇ।