ਬਰਨਾਲਾ : ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਆਈਪੀਐੱਸ ਵਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਸਰਕਾਰੀ ਸਕੂਲਾਂ ’ਚ ਚੋਰੀਆਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰ 4 ਨੌਜਵਾਨਾਂ ਨੂੰ ਵੱਡੀ ਗਿਣਤੀ ’ਚ ਚੋਰੀ ਦੇ ਸਾਮਾਨ, ਇਕ ਵਰਨਾ ਕਾਰ ਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।
ਚੋਰ ਗਿਰੋਹ ਦੇ 5 ਮੈਂਬਰਾਂ ਵਿੱਚੋਂ 4 ਕਾਬੂ : ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ (ਡੀ) ਰਮਨੀਸ਼ ਚੌਧਰੀ ਨੇ ਦੱਸਿਆ ਕਿ ਥਾਣਾ ਸਦਰ ਬਰਨਾਲਾ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਗੁਰਤਾਰ ਸਿੰਘ, ਪੁਲਿਸ ਚੌਕੀ ਪੱਖੋਂ ਕੈਂਚੀਆਂ ਦੇ ਇੰਚਾਰਜ ਥਾਣੇਦਾਰ ਬਲਵਿੰਦਰ ਸਿੰਘ ਤੇ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਸਹਾਇਕ ਥਾਣੇਦਾਰ ਤਰਸੇਮ ਸਿੰਘ ਵਲੋਂ ਆਪਣੀ ਟੀਮ ਸਮੇਤ ਜ਼ਿਲ੍ਹਾ ਬਰਨਾਲਾ ਤੇ ਬਠਿੰਡਾ ਦੇ ਵੱਖ-ਵੱਖ ਸਕੂਲਾਂ ’ਚ ਹੋਈਆਂ ਚੋਰੀਆਂ ਨੂੰ ਟਰੇਸ ਕਰਦਿਆਂ ਵੱਡੀ ਸਫ਼ਲਤਾ ਹਾਸਲ ਕੀਤੀ ਗਈ, ਜਿਸ ਤਹਿਤ ਮਾਮਲੇ ’ਚ 5 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ 4 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਨੇ ਕਾਬੂ ਕੀਤੇ ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ’ਚੋਂ 1 ਵਰਨਾ ਕਾਰ, 1 ਟਕੂਆ, 3 ਸੀਪੀਯੂ, 4 ਮਾਊਸ, 3 ਡੀਵੀਆਰ, 1 ਵੇਟ ਮਸ਼ੀਨ, 2 ਪੱਖੇ, 1 ਮੋਟਰਸਾਈਕਲ ਮਾਰਕਾ ਸੀਡੀ-100, 5 ਗੈਸ ਸਿਲੰਡਰ, 3 ਕੰਪਿਊਟਰ ਸਕ੍ਰੀਨ, 1 ਪ੍ਰਿੰਟਰ, 3 ਡੀਵੀਆਰ ਸਪਲਾਈ, 1 ਮੌਡਮ, 5 ਐੱਲਸੀਡੀ ਸਕ੍ਰੀਨ, 1 ਏਅਰ ਪਿਸਟਲ, 2 ਇਨਵਰਟਰ ਬੈਟਰੇ, 1 ਯੂਪੀਐੱਸ, 3 ਵੱਡੇ ਵੂਫ਼ਰ, 2 ਹੈੱਡਫ਼ੋਨ, 2 ਮਾਈਕ, 2 ਕਿਰਪਾਨਾਂ, 1 ਸਪੋਰਟਸ ਕਿੱਟ, 2 ਕੀਬੋਰਡ, 2 ਛੋਟੇ ਵੂਫ਼ਰ, 1 ਹੌਟ ਕੇਸ ਓਵਨ, 2 ਕੈਰਮ ਬੋਰਡ ਸਣੇ ਸਕੂਲ ਦੀ ਸਟੇਸ਼ਨਰੀ ਤੇ ਰਸੋਈ ਦਾ ਸਾਮਾਨ ਬਰਾਮਦ ਕੀਤਾ ਗਿਆ।
ਇਹ ਵੀ ਪੜ੍ਹੋ : Statue of Sidhu Musewala: ਸਿੱਧੂ ਮੂਸੇਵਾਲਾ ਦਾ ਬੁੱਤ ਲੈ ਕੇ ਹਵੇਲੀ ਪਹੁੰਚਿਆ ਇਹ ਸਟੈਚੂ ਆਰਟਿਸਟ, ਮਾਪਿਆਂ ਦੀਆਂ ਅੱਖਾਂ ਹੋਈਆਂ ਨਮ
ਮੁਲਜ਼ਮਾਂ ਨੂੰ ਪੇਸ਼ ਕਰ ਕੇ ਰਿਮਾਂਡ ਦੀ ਕਰਾਂਗੇ ਮੰਗ : ਕਾਬੂ ਕੀਤੇ ਨੌਜਵਾਨਾਂ ’ਚ ਮਨਜਿੰਦਰ ਸਿੰਘ, ਲਖਵਿੰਦਰ ਸਿੰਘ, ਜਸਪ੍ਰੀਤ ਸਿੰਘ ਵਾਸੀ ਜਗਜੀਤਪੁਰਾ ਤੇ ਮਨਪ੍ਰੀਤ ਸਿੰਘ ਵਾਸੀ ਪੱਖੋਕੇ ਸ਼ਾਮਲ ਹਨ, ਜਿਨ੍ਹਾਂ ਦੀ ਉਮਰ ਕਰੀਬ 20 ਤੋਂ 25 ਸਾਲ ਹੈ। ਇਹ ਸਾਰੇ ਗਿਰੋਹ ਬਣਾਕੇ ਜ਼ਿਲ੍ਹਾ ਬਰਨਾਲਾ ਤੇ ਬਠਿੰਡਾ ਦੇ ਸਰਕਾਰੀ ਸਕੂਲਾਂ ’ਚ ਚੋਰੀਆਂ ਕਰਦੇ ਸਨ। ਇੱਥੋਂ ਤੱਕ ਕਿ ਬੱਚਿਆਂ ਲਈ ਆਇਆ ਮਿੱਡ ਡੇਅ ਮੀਲ ਦਾ ਸਾਮਾਨ ਵੀ ਮੁਲਜ਼ਮ ਚੋਰੀ ਕਰ ਲੈਂਦੇ ਸਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕੁੱਲ 6 ਮੁਕਦਮੇ ਟਰੇਸ ਹੋਏ ਹਨ, ਜਿਨ੍ਹਾਂ ਖ਼ਿਲਾਫ਼ ਥਾਣਾ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।