ਬਰਨਾਲਾ: ਪਿੰਡ ਗਹਿਲ ਦੇ ਗੁਰਦੁਆਰਾ ਸਾਹਿਬ ‘ਚ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਸਾਲਾਨਾ ਚਾਰ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੈਨੇਜਰ ਅਮਰੀਕ ਸਿੰਘ ਨੇ ਦੱਸਿਆ ਕਿ ਸਮਾਗਮ ਦੇ ਅੰਤਿਮ ਦਿਨ ਐੱਸਜੀਪੀਸੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁਰਥੜੀ ਵਾਲਿਆਂ ਦੇ ਜਥੇ ਵੱਲੋਂ ਕੀਰਤਨ ਦਰਬਾਰ ਸਜਾਇਆ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਹਲਕਾ ਮਹਿਲ ਕਲਾਂ ਦੇ ਇੰਚਾਰਜ ਤੇ ਐੱਸਜੀਪੀਸੀ ਮੈਂਬਰ ਸੰਤ ਬਲਬੀਰ ਸਿੰਘ ਘੁੰਨਸ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਵੱਡੇ ਘੱਲੂਘਾਰੇ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਨ 1762 ਈ. ‘ਚ 35 ਹਜ਼ਾਰ ਸਿੰਘ, ਸਿੰਘਣੀਆਂ ਅਤੇ ਭੁਝੰਗੀਆਂ ਵੱਲੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਦਾ ਟਾਕਰਾ ਕਰਦਿਆਂ ਮਹਾਨ ਸ਼ਹਾਦਤਾਂ ਦਿੱਤੀਆਂ ਸਨ, ਪਰ ਅਬਦਾਲੀ ਦੀਆਂ ਫੌਜਾਂ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ ਸੀ। ਇਹ ਲੜਾਈ ਪਿੰਡ ਗਹਿਲ ਦੀ ਧਰਤੀ ਤੇ ਆਏ ਕੇ ਸਮਾਪਤ ਹੋਈ ਸੀ। ਜਿਸ ਕਰਕੇ ਸਿੱਖ ਕੌਮ ਲਈ ਸ਼ਹਾਦਤਾਂ ਦੇਣ ਵਾਲੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਅੱਜ ਸਾਡੇ ਨੌਜਵਾਨਾਂ ਲਈ ਇੱਕ ਪ੍ਰੇਰਨਾ ਦਾ ਸਰੋਤ ਹਨ। ਇਸ ਲਈ ਸਾਨੂੰ ਅੱਜ ਅਜਿਹੇ ਸਿੱਖ ਕੌਮ ਲਈ ਸ਼ਹਾਦਤਾਂ ਤੇ ਕੁਰਬਾਨੀਆਂ ਕਰਨ ਵਾਲੇ ਮਹਾਨ ਸ਼ਹੀਦਾਂ ਦੇ ਜੋੜ ਮੇਲੇ ਪਿੰਡ ਪੱਧਰ 'ਤੇ ਮਨਾਉਣਾ ਸਮੇਂ ਦੀ ਮੁਖ ਲੋੜ ਹੈ।
ਆਗੂਆਂ ਨੇ ਕਿਹਾ ਕਿ ਅਬਦਾਲੀ ਵਾਂਗ ਮੌਜੂਦਾ ਸਮੇਂ ‘ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਤੇ ਜ਼ਬਰ ਢਾਹਿਆ ਜਾ ਰਿਹਾ ਹੈ। ਅੱਜ ਕੇਂਦਰ ਕਿਸਾਨ ਅੰਦੋਲਨ ਨੂੰ ਫੇਲ੍ਹ ਕਰਨ ਲਈ ਕਿਸਾਨਾਂ ਉੱਪਰ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ‘ਚ ਸੁੱਟ ਰਹੀ ਹੈ। ਅੱਜ ਸਾਨੂੰ ਸਿੱਖਾਂ ਅਤੇ ਕਿਸਾਨਾਂ ਉੱਪਰ ਜਬਰ ਜ਼ੁਲਮ ਢਾਹੁਣ ਵਾਲੀ ਕੇਂਦਰ ਸਰਕਾਰ ਦੇ ਖ਼ਿਲਾਫ਼ ਇਕਜੁੱਟ ਹੋ ਕੇ ਕਿਸਾਨ ਅੰਦੋਲਨ ਦਾ ਹਿੱਸਾ ਬਣਨ ਲਈ ਅੱਗੇ ਆਉਣਾ ਚਾਹੀਦਾ ਹੈ।