ਬਰਨਾਲਾ: ਐਸਡੀ ਕਾਲਜ਼ ਓਵਰਬਰਿੱਜ ’ਤੇ ਇੱਕ ਸ਼ਰਾਬੀ ਕਾਰ ਚਾਲਕ ਨੇ ਮੋਟਰਸਾਇਕਲ ਨੂੰ ਟੱਕਰ ਮਾਰਨ ਉਪਰੰਤ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ’ਚ ਮੋਟਰਸਾਇਕਲ ਚਾਲਕ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਦਕਿ ਦੂਸਰੀ ਕਾਰ ਵੀ ਨੁਕਸਾਨੀ ਗਈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੀਬੀ- 19 ਐਸ- 8143 ਨੰਬਰ ਬਰਿੱਜਾ ਕਾਰ ਹੰਢਿਆਇਆ ਸਾਇਡ ਤੋਂ ਬਜ਼ਾਰ ਵੱਲ ਨੂੰ ਜਾ ਰਹੀ ਸੀ। ਜਿਸ ਨੇ ਪਹਿਲਾਂ ਇੱਕ ਮੋਟਰਸਾਇਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਇਕਲ ਚਾਲਕ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਇਸਤੋਂ ਬਾਅਦ ਇਸੇ ਤੇਜ਼ ਰਫ਼ਤਾਰ ਕਾਰ ਸਵਾਰ ਨੇ ਅੱਗੇ ਜਾ ਕੇ ਇੱਕ ਹੋਰ ਸਵਿਫਟ ਕਾਰ ਉਪਰ ਆਪਣੀ ਬਰੀਜਾ ਕਾਰ ਚੜਾ ਦਿੱਤੀ।
ਜਿਸ ਕਾਰਨ ਓਵਰਬ੍ਰਿਜ 'ਤੇ ਵੱਡਾ ਟ੍ਰੈਫਿਕ ਜਾਮ ਲੱਗ ਗਿਆ। ਮੋਟਰਸਾਇਕਲ ਚਾਲਕ ਦੀ ਪਹਿਚਾਣ ਰਜਿੰਦਰ ਕੁਮਾਰ ਸਥਾਨਕ ਪੱਤੀ ਰੋਡ ਵਾਸੀ ਵਜੋਂ ਹੋਈ ਹੈ। ਜੋ ਕੋਰਟ ’ਚ ਆਪਣੀ ਡਿਊਟੀ ਭੁਗਤਾ ਕੇ ਵਾਪਸ ਘਰ ਨੂੰ ਪਰਤ ਰਿਹਾ ਸੀ। ਬਰਿਜਾ ਕਾਰ ਚਾਲਕ ਨੂੰ ਮੌਕੇ ਤੋਂ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ।
ਸਵਿਫਟ ਕਾਰ ਚਾਲਕ ਅਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਕਚਹਿਰੀ ਚੌਂਕ ਤੋਂ ਓਵਰਬਰਿੱਜ ਹੋ ਕੇ ਬਜ਼ਾਰ ਵੱਲ ਜਾ ਰਿਹਾ ਸੀ। ਇਹ ਬਰਿੱਜਾ ਗੱਡੀ ਪਿੱਛੇ ਤੋਂ ਬੇਹੱਦ ਤੇਜ਼ ਰਫ਼ਤਾਰ ’ਤੇ ਆ ਰਹੀ ਸੀ। ਜਿਸ ਨੇ ਪਹਿਲਾਂ ਇੱਕ ਆਨ ਡਿਊਟੀ ਮੁਲਾਜ਼ਮ ਨੂੰ ਟੱਕਰ ਮਾਰਨ ਤੋਂ ਬਾਅਦ ਬਰਾਬਰ ਆ ਕੇ ਇੱਕਦਮ ਉਸ ਦੀ ਗੱਡੀ ਨੂੰ ਸਾਇਡ ਤੋਂ ਟੱਕਰ ਮਾਰ ਦਿੱਤੀ।
ਉਕਤ ਘਟਨਾਵਾਂ ਨੂੰ ਅੰਜਾਮ ਦੇਣ ਪਿੱਛੋਂ ਤੇਜ਼ ਰਫ਼ਤਾਰ ਕਾਰ ਚਾਲਕ ਮੌਕੇ ’ਤੇ ਹੀ ਰੁਕ ਗਿਆ। ਜਿਸ ਨੇ ਆਪਣਾ ਨਾਂਅ ਅਮਰਜੀਤ ਸਿੰਘ ਵਾਸੀ ਬਰਨਾਲਾ ਦੱਸਦਿਆਂ ਕਿਹਾ ਕਿ ਉਹ ਹੰਢਿਆਇਆ ਤੋਂ ਆਇਆ ਹੈ। ਆਪਣੇ ਘਰ ਜਾ ਰਿਹਾ ਸੀ ਅਤੇ ਉਸ ਨੇ ਸ਼ਰਾਬ ਪੀਤੀ ਹੋਈ ਹੈ। ਉਸ ਨੇ ਦੱਸਿਆ ਕਿ ਮੋਟਰਸਾਇਕਲ ਨੂੰ ਉਸਨੇ ਟੱਕਰ ਨਹੀਂ ਮਾਰੀ। ਉਹ ਮੰਨਦਾ ਹੈ ਕਿ ਉਸਨੇ ਇੱਕ ਕਾਰ ਨੂੰ ਟੱਕਰ ਜਰੂਰ ਮਾਰੀ ਹੈ। ਅੱਗੇ ਤੋਂ ਆ ਰਹੀ ਇੱਕ ਕਾਰ ਚਾਲਕ ਵੱਲੋਂ ਲਾਇਟਾਂ ਦੇਣ ’ਤੇ ਉਸਨੇ ਇੱਕਦਮ ਗੱਡੀ ਘੁਮਾ ਦਿੱਤੀ ਜੋ ਬਰਾਬਰ ਜਾ ਰਹੀ ਕਾਰ ਨਾਲ ਹਾਦਸਾਗ੍ਰਸਤ ਹੋ ਗਈ।
ਇਹ ਵੀ ਪੜ੍ਹੋ:- Jammu Kashmir: ਯਾਸੀਨ ਮਲਿਕ ਦੇ ਅਪਰਾਧਾਂ ਬਾਰੇ ਕੀ ਕਹਿੰਦੀ ਹੈ ਚਾਰਜਸ਼ੀਟ !