ਅੰਮ੍ਰਿਤਸਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਆਗੂਆਂ ਨੇ ਲੋਕਾਂ ਨੂੰ ਭਰਮਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਇਹ ਕਹੀਏ ਕਿ ਲੋਕ ਵਿਖਾਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਜੇ ਕੋਈ ਕੰਮ ਪਹਿਲਾਂ ਹੋ ਚੁੱਕਿਆ ਹੈ ਤਾਂ ਹਰ ਕੋਈ ਉਸ ਦਾ ਕ੍ਰੈਡਿਟ ਲੈਣ ਕੀ ਕੋਸ਼ਿਸ਼ ਕਰ ਰਿਹਾ ਹੈ। ਕੁੱਝ ਅਜਿਹਾ ਹੀ ਅੰਮ੍ਰਿਤਸਰ 'ਚ ਹੋਇਆ। ਇੱਥੇ ਬੀਜੇਪੀ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਵਿਚਾਲੇ ਰੇਲਵੇ ਸਟੇਸ਼ਨ ਦੇ ਦੋ ਪਲੇਟਫਾਰਮਾਂ ਦੇ ਉਦਘਾਟਨ ਨੂੰ ਲੈ ਕੇ ਤਕਰਾਰ ਹੋ ਗਈ।
ਦਰਅਸਲ, ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਦੋ ਨਵੇਂ ਪਲੇਟਫਾਰਮ ਜੋੜ ਦਿੱਤੇ ਗਏ ਹਨ ਜਿਸ ਦਾ ਉਦਘਾਟਨ ਬੀਜੇਪੀ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕੀਤਾ। ਹੁਣ ਇੱਥੇ ਕੁੱਲ ਸੱਤ ਪਲੇਟਫਾਰਮ ਬਣ ਗਏ ਹਨ। ਵਿਵਾਦ ਇਹ ਹੈ ਕਿ ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਦੇ ਕੰਮ ਦਾ ਜਿੰਮਾ ਲੋਕ ਸਭਾ ਮੈਂਬਰ ਕੋਲ ਹੁੰਦਾ ਹੈ, ਰਾਜ ਸਭਾ ਮੈਂਬਰ ਕੋਲ ਨਹੀਂ।
ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਉਨ੍ਹਾਂ ਜਿਸ ਵੇਲੇ ਉਦਘਾਟਨ ਪ੍ਰੋਗਰਾਮ ਮਿੱਥਿਆ, ਉਸ ਤੋਂ 15 ਮਿੰਟ ਬਾਅਦ ਸ਼ਵੇਤ ਮਲਿਕ ਰਾਤ ਨੂੰ ਜਾ ਕੇ ਪਲੇਟਫਾਰਮਾਂ ਦਾ ਉਦਘਾਟਨ ਕਰ ਆਏ। ਹਾਲਾਂਕਿ ਵੀਰਵਾਰ ਨੂੰ ਗੁਰਜੀਤ ਔਜਲਾਂ ਪਲੇਟਫਾਰਮਾਂ ਦਾ ਉਦਘਾਟਨ ਕਰਨਗੇ।
ਦੂਜੇ ਪਾਸੇ, ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੀ ਰੇਲਵੇ ਸਟੇਸ਼ਨ ਦੀ ਪ੍ਰਗਤੀ ਲਈ ਕੰਮ ਕੀਤਾ ਹੈ। ਇਸ ਲਈ ਉਦਘਾਟਨ ਕਰਨ ਦਾ ਹੱਕ ਉਨ੍ਹਾਂ ਦਾ ਹੈ।