ਅੰਮ੍ਰਿਤਸਰ: ਸਪਰਿੰਗ ਡੇਲ ਸਕੂਲ ਦਾ ਵਿਹੜਾ ਉਸ ਸਮੇਂ ਢੋਲ ਦੀ ਥਾਪ ਨਾਲ ਗੂੰਜ ਉੱਠਿਆ ਜਦੋਂ ਹਾਕੀ ਟੀਮ ਦੇ ਕੌਮੀ ਨਾਇਕਾਂ ਦਾ ਸਪਰਿੰਗ ਡੇਲ ਸਕੂਲ ਦੀ ਮੈਨੇਜਮੈਂਟ ਅਤੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਕੋਚ ਟੀਮ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇਸ ਉਲੰਪਿਅਨਾਂ ਦੇ ਡੈਲੀਗੇਸ਼ਨ ਵਿੱਚ ਸਕੂਲ ਦੇ 3 ਸਾਬਕਾ ਵਿਦਿਆਰਥੀ, ਉਲੰਪਿਅਨ ਦਿਲਪ੍ਰੀਤ ਸਿੰਘ, ਉਲੰਪਿਅਨ ਸ਼ਮਸ਼ੇਰ ਸਿੰਘ ਅਤੇ ਉਲੰਪਿਅਨ ਰਮਨਦੀਪ ਸਿੰਘ ਵੀ ਸ਼ਾਮਲ ਸਨ।
ਖਿਡਾਰੀਆਂ ਦੇ ਮਾਤਾ-ਪਿਤਾ ਵੀ ਉਸ ਮੌਕੇ 'ਤੇ ਆਪਣੇ ਹੋਣਹਾਰ ਪੁੱਤਰਾਂ ਦਾ ਕੌਮੀ ਨਾਇਕਾਂ ਵਾਂਗ ਕੀਤਾ ਗਿਆ ਸੁਆਗਤ ਅਤੇ ਸਤਿਕਾਰ ਵੇਖ ਕੇ ਖੁਸ਼ੀ ਨਾਲ ਭਾਵੁਕ ਹੋਏ ਨਜ਼ਰ ਆਏ।
ਮੇਜ਼ਬਾਨ ਪੈਨਲ ਵਿੱਚ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸ੍ਰੀ ਸਾਹਿਲਜੀਤ ਸਿੰਘ ਸੰਧੂ, ਡਾਇਰੈਕਟਰ ਡਾ. ਕੀਰਤ ਸੰਧੂ ਚੀਮਾ ਅਤੇ ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੀਵ ਕੁਮਾਰ ਸ਼ਰਮਾ ਸ਼ਾਮਿਲ ਸਨ। ਇਸ ਮੌਕੇ 'ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਪਹਿਲੇ ਉਲੰਪਿਅਨ ਸ੍ਰੀ ਬਲਵਿੰਦਰ ਸਿੰਘ ਸ਼ੰਮੀ ਨੇ ਜੇਤੂ ਉਲੰਪਿਅਨਾਂ ਨੂੰ ਅਸ਼ੀਰਵਾਦ ਦਿੱਤਾ।
ਉਲੰਪਿਅਨ ਸ੍ਰੀ ਸ਼ੰਮੀ ਨੇ ਸਵ. ਡਾ. ਸ਼ਿਦਰ ਸਿੰਘ ਸੰਧੂ ਅਤੇ ਸਵ. ਸ੍ਰੀ ਮਤੀ ਮਨਵੀਨ ਸੰਧੂ ਨਾਲ ਆਪਣੀ ਪੁਰਾਣੀ ਸਾਂਝ ਨੂੰ ਯਾਦ ਕਰਦਿਆਂ ਕਿਹਾ ਕਿ ਜੇ ਉਹ ਇਸ ਇਤਿਹਾਸਿਕ ਪਲ ਨੂੰ ਵੇਖ ਪਾਉਂਦੇ ਅਤੇ ਆਪਣੇ ਲਾਏ ਇਸ ਬੂਟੇ ਨੂੰ ਇਕ ਫ਼ਲਦਾਰ ਰੁੱਖ ਬਣਦਿਆਂ ਵੇਖ ਕੇ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ।
ਸ੍ਰੀ ਸਾਹਿਲਜੀਤ ਸਿੰਘ ਸੰਧੂ ਅਤੇ ਡਾ. ਕੀਰਤ ਸੰਧੂ ਚੀਮਾ ਨੇ ਜੇਤੂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਇਹ ਭਾਰਤੀ ਹਾਕੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਇਸ ਜੋਸ਼ ਨਾਲ ਭਰੀ ਨੌਜਵਾਨ ਟੀਮ ਤੋਂ ਆਸ ਰੱਖਦਾ ਹੈ ਕਿ ਉਹ ਆਪਣੇ ਰਾਸ਼ਟਰੀ ਖੇਡ ਦੀ ਦੁਨੀਆਂ ਵਿੱਚ ਸਿਰਮੌਰ ਪੁਜੀਸ਼ਨ ਨੂੰ ਮੁੜ ਤੋਂ ਬਹਾਲ ਕਰਨਗੇ।
ਇਹ ਵੀ ਪੜ੍ਹੋ: ਲਵਲੀ ਯੂਨੀਵਰਸਿਟੀ ਵੱਲੋਂ ਓਲੰਪਿਅਨਾਂ ਦਾ ਸ਼ਾਨਦਾਰ ਸੁਆਗਤ, ਵੇਖੋ ਤਸਵੀਰਾਂ