ਅੰਮ੍ਰਿਤਸਰ: ਕੋਰੋਨਾ ਵਾਇਰਸ ਹਰ ਇੱਕ ਖੇਤਰ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਦੇ ਚੱਲਦੇ ਹੁਣ 2 ਹਫ਼ਤਿਆਂ ਤੱਕ ਲਈ ਵਾਘਾ ਬਾਰਡਰ ਵੀ ਸੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਾਕਿਸਤਾਨ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਪਾਕਿਸਤਾਨ ਸਰਕਾਰ ਨੇ ਨੋਟਿਸ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਵਾਹਘਾ ਬਾਰਡਰ ਨੂੰ ਕੋਰੋਨਾ ਵਾਇਰਸ ਕਰਕੇ ਤੁਰੰਤ ਪ੍ਰਭਾਵ ਹੇਠ ਸੀਲ ਕਰਨ ਦੇ ਹੁਕਮ ਕੀਤੇ ਹਨ। ਇਹ ਕਦਮ ਕੋਰੋਨਾ ਵਾਇਰਸ ਦੇ ਫੈਲਾਅ ਤੋਂ ਬਚਾਅ ਦੇ ਮੱਦੇਨਜ਼ਰ ਚੁੱਕੇ ਗਏ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਟਰਾਂਸਪੋਰਟ ਸਹੂਲਤ ਬੰਦ ਕਰ ਦਿੱਤੀ ਗਈ ਹੈ। ਸ਼ੁਕਰਵਾਰ ਰਾਤ 12 ਵਜੇ ਤੋਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨਹੀਂ ਚੱਲਣਗੀਆਂ। ਲੋਕ ਸਿਰਫ਼ ਆਪਣੀਆਂ ਨਿੱਜੀ ਗੱਡੀਆਂ ਉੱਤੇ ਹੀ, ਸਫ਼ਰ ਕਰ ਸਕਣਗੇ। ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀ ਵਰਤਦੇ ਹੋਏ ਕੈਬਿਨੇਟ ਮੰਤਰੀ ਨੇ ਦੱਸਿਆ ਕਿ ਬੱਸਾਂ ਦੇ ਨਾਲ-ਨਾਲ ਆਟੋ ਅਤੇ ਟੈਕਸੀ ਸੇਵਾ ਨੂੰ ਵੀ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਆਪਣੀ ਪਹਿਲੀ ਐਡਵਾਇਜ਼ਰੀ ਨੂੰ ਬਦਲ ਦਿੱਤਾ ਹੈ।
ਪੰਜਾਬ ਸਰਕਾਰ ਨੇ ਪਹਿਲਾਂ 50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਧੀ ਲਾ ਦਿੱਤੀ ਸੀ ਹੁਣ ਇਸ ਫ਼ੈਸਲੇ ਨੂੰ ਬਦਲਦਿਆਂ 20 ਲੋਕਾਂ ਦੇ ਇੱਕਠ 'ਤੇ ਪਾਬੰਧੀ ਲਾ ਦਿੱਤੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਪਹਿਲਾਂ ਹੀ ਸਕੂਲ, ਕਾਲਜ, ਜਿਮ ਅਤੇ ਕਲੱਬ ਆਦਿ ਥਾਵਾਂ ਨੂੰ ਬੰਦ ਕਰ ਚੁੱਕੀ ਹੈ।
ਇਹ ਵੀ ਪੜ੍ਹੋ:ਕੋਰੋਨਾ ਵਾਇਰਸ ਕਾਰਨ ਪਿੰਡ ਪਠਲਾਵਾ 'ਚ ਬਜ਼ੁਰਗ ਦੀ ਮੌਤ, ਪੂਰਾ ਪਿੰਡ ਸੀਲ