ਅੰਮ੍ਰਿਤਸਰ : ਅੰਮ੍ਰਿਤਸਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਲਕੇ 6 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਸਵੇਰੇ 9.00 ਵਜੇ ਅਰਦਾਸ ਕਰ ਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ, ਦਿੱਲੀ ਦੇ ਗੁਰੂਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਪਿਛਲੇ 10 ਸਾਲ ਤੋਂ ਦਿੱਲੀ ਗੁਰਦੁਆਰਾ ਕਮੇਟੀ ਦਿੱਲੀ ਫਤਿਹ ਦਿਵਸ ਮਨਾਉਂਦੀ ਆ ਰਹੀ ਹੈ। ਉਹਨਾਂ ਕਿਹਾ ਕਿ ਕੌਮ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਉਹਨਾਂ ਦੇ ਸਾਥੀਆਂ ਨੇ ਦਿੱਲੀ ਫਤਿਹ ਕਰ ਕੇ ਸਿੱਖ ਗੁਰਧਾਮਾਂ ਦੀਆਂ ਥਾਵਾਂ ਦੀ ਨਿਸ਼ਾਨਦੇਹੀ ਉਪਰੰਤ ਦਿੱਲੀ ਦਾ ਰਾਜ ਵਾਪਸ ਕਰ ਦਿੱਤਾ ਸੀ ਤੇ ਰਾਜ ਦੀ ਸਿੱਲ ਪੁੱਟ ਕੇ ਗੁਰੂ ਰਾਮਦਾਸ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਲਿਆ ਕੇ ਅੰਮ੍ਰਿਤਸਰ ਸੁੱਟੀ ਸੀ ਜੋ ਅੱਜ ਵੀ ਬੁੰਗਾ ਰਾਮਗੜ੍ਹੀਆ ਵਿਚ ਮੌਜੂਦ ਹੈ।
ਉਹਨਾਂ ਦੱਸਿਆ ਕਿ ਇਸ ਵਾਰ ਦਾ ਦਿੱਲੀ ਫਤਹਿ ਦਿਵਸ ਪ੍ਰੋਗਰਾਮ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਜਲੰਧਰ, ਲੁਧਿਆਣਾ, ਖੰਨਾ, ਰਾਜਪੁਰਾ ਤੋਂ ਹੋ ਕੇ 6 ਅਪ੍ਰੈਲ ਦੀ ਰਾਤ ਨੂੰ ਅੰਬਾਲਾ ਵਿਚ ਗੁਰਦੁਆਰਾ ਮੰਜੀ ਸਾਹਿਬ ਵਿਖੇ ਠਹਿਰੇਗਾ ਤੇ ਅਗਲੇ ਦਿਨ 7 ਅਪ੍ਰੈਲ ਨੂੰ ਕੁਰੂਕਸ਼ੇਤਰ ਤੇ ਪਾਣੀਪਤ ਤੋਂ ਹੁੰਦਾ ਹੋਇਆ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਸਮਾਪਤ ਹੋਵੇਗਾ। ਉਹਨਾਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਨਿਹੰਗ ਸਿੰਘਾਂ, ਪੰਥਕ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ : CM Yogashala campaign : ਪਟਿਆਲਾ ਪਹੁੰਚੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ, ਸੀਐਮ ਦੀ ਯੋਗਸ਼ਾਲਾ ਦਾ ਕੀਤਾ ਸ਼ੁੱਭ ਅਰੰਭ
ਉਹਨਾਂ ਦੱਸਿਆ ਕਿ 8 ਅਪ੍ਰੈਲ ਨੂੰ ਲਾਲ ਕਿਲ੍ਹੇ ’ਤੇ ਕੀਰਤਨ ਦਰਬਾਰ ਹੋਵੇਗਾ। 9 ਅਪ੍ਰੈਲ ਨੂੰ ਜਰਨੈਲੀ ਮਾਰਚ ਕੱਢਿਆ ਜਾਵੇਗਾ ਜੋ ਲਾਲ ਕਿਲ੍ਹੇ ’ਤੇ ਸਮਾਪਤ ਹੋਵੇਗਾ ਤੇ ਲਾਲ ਕਿਲ੍ਹੇ ’ਤੇ ਗੱਤਕੇ ਦੇ ਜੌਹਰ ਹੋਣਗੇ ਤੇ ਢਾਡੀ ਵਾਰਾਂ ਹੋਣਗੀਆਂ, ਲਾਈਟ ਐਂਡ ਸ਼ੋਅ ਹੋਣਗੇ। ਉਹਨਾਂ ਇਹ ਪ੍ਰੋਗਰਾਮ ਲਾਲ ਕਿਲ੍ਹੇ ਦੇ ਮੈਦਾਨ ਵਿਚ ਕਰਨ ਦੀ ਆਗਿਆ ਦੇਣ, ਸੁਰੱਖਿਆ ਪ੍ਰਦਾਨ ਕਰਨ ਤੇ ਹੋਰ ਪ੍ਰਵਾਨਗੀਆਂ ਲਈ ਕੇਂਦਰ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪੰਜਾਬ ਦੇ ਲੋਕਾਂ ਦੀ ਆਸਥਾ ਵੇਖਦਿਆਂ ਨਗਰ ਕੀਰਤਨ ਸਜਾਉਣ ਦਾ ਫੈਸਲਾ ਕੀਤਾ ਹੈ ਜਦੋਂ ਕਿ ਅਸੀਂ 6 ਮਹੀਨੇ ਪਹਿਲਾਂ ਪ੍ਰੋਗਰਾਮ ਉਲੀਕ ਦਿੱਤਾ ਸੀ।