ਅੰਮ੍ਰਿਤਸਰ: ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਖੇਡਾਂ ਅਤੇ ਯੁਵਾ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ (Union Minister Anurag Thakur) ਅੰਮ੍ਰਿਤਸਰ ਪਹੁੰਚੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਅੰਮ੍ਰਿਤਸਰ ਦੇ ਸਲਾਨਾ ਖੇਡ ਇਨਾਮ ਵੰਡ ਸਮਾਰੋਹ ਵਿੱਚ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁਹੰਚੇ ਹਨ।
ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਅੰਮ੍ਰਿਤਸਰ ਦੇ 52ਵੇਂ ਸਲਾਨਾ ਖੇਡ ਇਨਾਮ ਵੰਡ ਸਮਾਰੋਹ ਦੌਰਾਨ ਅੰਤਰਰਾਸ਼ਟਰੀ ਖੇਲੋ ਇੰਡੀਆ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਪੱਧਰ 'ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਅਤੇ ਸਮੁੱਚੇ ਤੌਰ 'ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਾਲਜਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹਨ।
ਦੱਸ ਦਈਏ ਕਿ ਅਨੁਰਾਗ ਠਾਕੁਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hair) ਪ੍ਰੈਜ਼ੀਡੈਂਸ਼ੀਅਲ ਐਡਰੈਸ ਦੇਣਗੇ। ਇਸ ਤੋਂ ਇਲਾਵਾ ਇਸ ਮੌਕੇ ਵਾਈਸ ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਖਿਡਾਰੀਆਂ ਅਤੇ ਮਹਿਮਾਨਾਂ ਨੂੰ ਸੰਬੋਧਨ ਕਰਨਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ ਅਤੇ 23 ਵਾਰ ਰਿਕਾਰਡ ਸਮੇਂ ਲਈ ਭਾਰਤ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤੀ ਹੈ। ਯੂਨੀਵਰਸਿਟੀ ਨੇ 35 ਅਰਜੁਨ ਐਵਾਰਡੀ, 6 ਪਦਮ ਸ਼੍ਰੀ ਐਵਾਰਡੀ ਅਤੇ 2 ਦਰੋਣਾਚਾਰੀਆ ਐਵਾਰਡੀ ਪੈਦਾ ਕੀਤੇ ਹਨ।
ਹਰ ਸਾਲ ਸਰੀਰਕ ਸਿੱਖਿਆ ਵਿਭਾਗ (ਅਲਾਈਡ ਟੀਚਿੰਗ) 90 ਤੋਂ ਵੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ (ਪੁਰਸ਼ ਅਤੇ ਮਹਿਲਾ ਚੈਂਪੀਅਨਸ਼ਿਪਾਂ ਦਾ ਆਯੋਜਨ ਕਰਦਾ ਹੈ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈਣ ਲਈ 70 ਤੋਂ ਵੱਧ ਯੂਨੀਵਰਸਿਟੀ ਟੀਮਾਂ (ਪੁਰਸ਼ ਅਤੇ ਮਹਿਲਾ) ਭੇਜਦਾ ਹੈ। ਭਾਰਤੀ ਖੇਡ ਅਥਾਰਟੀ ਨੇ ਯੂਨੀਵਰਸਿਟੀ ਕੈਂਪਸ ਵਿੱਚ ਹਾਕੀ ਅਤੇ ਹੈਂਡਬਾਲ ਲਈ ਖੇਲੋ ਇੰਡੀਆ ਕੇਂਦਰ ਅਤੇ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਲਈ ਖੇਲੋ ਇੰਡੀਆ ਅਕੈਡਮੀਆਂ ਸਥਾਪਤ ਕੀਤੀਆਂ ਹਨ।
ਹਰ ਸਾਲ ਯੂਨੀਵਰਸਿਟੀ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਆਯੋਜਿਤ ਕਰਦੀ ਹੈ ਜਿਸ ਵਿੱਚ ਲਗਭਗ 250 ਖਿਡਾਰੀਆਂ (ਅੰਤਰਰਾਸ਼ਟਰੀ/ਖੇਲੋ ਇੰਡੀਆ/ਇੰਟਰ-ਯੂਨੀਵਰਸਿਟੀ ਪੱਧਰ) ਨੂੰ ਲਗਭਗ 2 ਕਰੋੜ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ, "ਪੰਜਾਬ ਵਿਚ ਜੋ ਪ੍ਰੇਮ ਪਿਆਰ ਤੇ ਮਹਿਮਾਨਨਿਵਾਜ਼ੀ ਮਿਲਦੀ ਹੈ, ਉਹ ਮਨ ਮੋਹ ਲੈਦੀ ਹੈ। ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ।"
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 52ਵਾਂ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਭਾਗ ਲੈਣ ਲਈ ਇੱਥੇ ਆਇਆ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖਿਡਾਰੀਆਂ ਲਈ ਨਵੀਆਂ ਪਾਲਿਸੀਆਂ ਲਿਆਂਦੀਆਂ ਜਾ ਰਹੀਆਂ ਹਨ ਕੇਂਦਰ ਸਰਕਾਰ ਖੇਡਾਂ ਨੂੰ ਪ੍ਰਫੁਲਿਤ ਕਰ ਰਹੀ ਹੈ। ਇਸ ਦੇ ਚਲਦੇ ਸਾਡੇ ਖਿਡਾਰੀ ਦੇਸ਼ ਦਾ ਨਾਂਅ ਵਿਦੇਸ਼ਾਂ ਵਿੱਚ ਜਾ ਕੇ ਰੋਸ਼ਨ ਕੀਤਾ ਹੈ। ਇਹ ਬੜੀ ਖੁਸ਼ੀ 'ਤੇ ਮਾਣ ਵਾਲੀ ਗੱਲ ਹੈ। ਕੇਂਦਰ ਸਰਕਾਰ ਖਿਡਾਰੀਆਂ ਦੇ ਪ੍ਰਤੀ ਬਹੁਤ ਹੀ ਸੁਚੇਤ ਹੈ। ਉਨ੍ਹਾਂ ਕਿਹਾ ਕਿ ਹਰੇਕ ਧਿਰ ਹਰ ਤਰ੍ਹਾਂ ਦੀ ਖੇਡਾਂ ਵਿੱਚ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਖਿਡਾਰੀਆਂ ਨੂੰ ਲਗਾਤਾਰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਵਾਸ 'ਤੇ ਬੁਲਾ ਕੇ ਖਿਡਾਰੀਆਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਉਦੇ ਹਨ।
ਇਹ ਵੀ ਪੜ੍ਹੋ:- ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਅਨੂਰਾਗ ਠਾਕੁਰ ਅੰਮ੍ਰਿਤਸਰ ਪਹੁੰਚੇ, ਖਿਡਾਰੀਆਂ ਨੂੰ ਦੇਣਗੇ ਇਨਾਮ