ਅੰਮ੍ਰਿਤਸਰ: ਬੀਤੇ ਦਿਨ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਕਾਰ ਹੇਠੋਂ ਵਿਸਫੋਟਕ ਪਦਾਰਥ (bomb under the policeman vehicle) ਮਿਲਿਆ। ਇਸ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।
ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ ਮੁਲਜ਼ਮ: ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਸਨ ਪਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਪੁਲਿਸ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਇਸ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਲੀਡ ਲੱਗੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ । ਇਸ ਦੇ ਚੱਲਦੇ ਹੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
ਮੁਲਜ਼ਮ ਦਿੱਲੀ ਤੋਂ ਅੰਮ੍ਰਿਤਸਰ ਲਿਆਂਦੇ: ਪੁਲਿਸ ਵੱਲੋਂ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਹੈ। ਵਿਸਤਾਰਾ ਏਅਰਲਾਇਨਜ਼ ਦੀ ਉਡਾਣ ਰਾਹੀਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਹੈ। ਦੋਵੇਂ ਮੁਲਜ਼ਮ ਤਰਨ ਤਾਰਨ ਦੇ ਦੱਸੇ ਜਾ ਰਹੇ ਹਨ। ਮੁਲਜ਼ਮ ਨੌਜਵਾਨਾਂ ਦੀ ਪਛਾਣ ਹਰਪਾਲ ਸਿੰਘ ਅਤੇ ਫਤਹਿਵੀਰ ਸਿੰਘ ਵਾਸੀ ਪਿੰਡ ਸਭਰਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਹਰਪਾਲ ਸਿੰਘ ਵੀ ਪੰਜਾਬ ਪੁਲਿਸ ਵਿੱਚ ਤਾਇਨਾਤ ਸੀ ਅਤੇ ਪੰਜਾਬ ਆਰਮਡ ਪੁਲਿਸ ਵਿੱਚ ਡਿਊਟੀ ਕਰਦਾ ਸੀ। ਫਿਲਹਾਲ ਪੁਲਿਸ ਮੁਲਜ਼ਮਾਂ ਨੂੰ ਲੈਕੇ ਹੋਰ ਸਬੂਤ ਜੁਟਾਉਣ ਵਿੱਚ ਲੱਗ ਗਈ ਹੈ।
ਮੁਲਜ਼ਮਾਂ ਨੇ ਹੋਰ RDX ਹੋਣ ਦੀ ਗੱਲ ਕਬੂਲੀ!: ਜਾਣਕਾਰੀ ਅਨੁਸਾਰ ਹਰਪਾਲ ਸਿੰਘ ਅੰਮ੍ਰਿਤਸਰ ਦੇ ਨਾਮੀ ਵਕੀਲ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲੀਗਲ ਸੈੱਲ ਦੇ ਸਾਬਕਾ ਚੇਅਰਮੈਨ ਸੰਦੀਪ ਗੋਰਸੀ ਦੇ ਗੰਨਮੈਨ ਵਜੋਂ ਤਾਇਨਾਤ ਸੀ ਅਤੇ ਉਹ ਪਿਛਲੇ 2-3 ਦਿਨਾਂ ਤੋਂ ਡਿਊਟੀ ਤੋਂ ਗੈਰਹਾਜ਼ਰ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮਾਂ ਨੇ ਹੋਰ ਵਿਸਫੋਟਕ ਸਮੱਗਰੀ ਹੋਣ ਦੀ ਗੱਲ ਕਬੂਲੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੁਲਜ਼ਮਾਂ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਨਿਕਲਣ ਨਾਲ ਪੰਜਾਬ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਪ੍ਰੈਸ ਕਾਨਫਰੰਸ ਕਰਨ ਤੋਂ ਟਾਲਾ ਵੱਟ ਸਕਦੀ ਹੈ।
ਗੱਡੀ ਥੱਲੋਂ ਮਿਲੀ ਸੀ RDX: ਦੱਸ ਦਈਏ ਕਿ ਮਾਮਲੇ ਤੋਂ ਬਾਅਦ ਏਡੀਜੀਪੀ ਆਰਐਨ ਡੋਕੇ ਜਾਇਜ਼ਾ ਲੈਣ ਦੇ ਲਈ ਪਹੁੰਚੇ ਸੀ। ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਸਾਨੂੰ ਜੋ ਵਿਸਫੋਟਕ ਸਮੱਗਰੀ ਮਿਲੀ ਉਹ 2 ਕਿੱਲੋ 700 ਗ੍ਰਾਮ ਹੈ। ਇਸਦੇ ਨਾਲ ਹੀ ਪੁਲਿਸ ਅਧਿਕਾਰੀ ਨੇ ਨੇ ਦਾਅਵਾ ਕੀਤਾ ਸੀ ਕਿ ਇਸ ਮਾਮਲੇ ਵਿੱਚ ਕਿਸੇ ਅੱਤਵਾਦੀ ਸੰਗਠਨ ਦਾ ਹੱਥ ਹੋਣ ਦੀ ਸੰਭਾਵਨਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੌਕੇ ਇਕ ਮੋਬਾਇਲ ਫੋਨ ਬਰਾਮਦ ਹੋਇਆ ਹੈ ਜਿਸ ਸਬੰਧੀ ਆਈਜੀ ਬਾਰਡਰ ਰੇਂਜ ਮੋਹਿਤ ਕਾਰਵਾਈ ਕਰ ਰਹੇ ਹਨ ਅਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਇਸ ਕੇਸ ਸਬੰਧੀ ਵੱਖ ਵੱਖ ਸ਼ਹਿਰਾਂ ਵਿਚ ਟੀਮਾਂ ਭੇਜਿਆ ਗਈਆਂ ਹਨ।
ਪਰਿਵਾਰ ਚ ਸਹਿਮ ਦਾ ਮਾਹੌਲ: ਕਾਬਿਲੇਗੌਰ ਹੈ ਕਿ ਰਣਜੀਤ ਐਵੇਨਿਊ ਦੇ ਵਿਚ ਵੀ ਬੀਤੇ ਕੁੱਝ ਦਿਨ ਪਹਿਲਾਂ ਇਕ ਹੈਂਡ ਗ੍ਰੇਨੇਡ ਬਰਾਮਦ ਹੋਇਆ ਸੀ ਅਤੇ ਬੀਤੇ ਦਿਨ ਸੀਆਈਏ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਹੇਠੋਂ ਆਰਡੀਐਕਸ ਮਿਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿੱਚ ਪੁਲਿਸ ਮੁਲਾਜ਼ਮ ਦੀ ਗੱਡੀ ਹੇਠੋਂ ਬੰਬਨੁਮਾ ਚੀਜ਼ ਬਰਾਮਦ