ਅੰਮ੍ਰਿਤਸਰ: ਪਿੰਡ ਮੂਧਲ ਵਿਖੇ 10 ਸਾਲਾ ਬੱਚੀ ਸੁਖਮਨਦੀਪ ਕੌਰ ਉਰਫ਼ ਗੁਡੀਆ ਦਾ ਪਿਛਲੇ ਦਿਨੀਂ ਪਿੰਡ ਵਿੱਚ ਹੀ ਕਤਲ ਹੋਇਆ ਸੀ। ਪਿੰਡ ਵਿੱਚੋਂ ਹੀ ਉਸ ਦੀ ਲਾਸ਼ ਬਰਾਮਦ ਹੋਈ ਸੀ। ਉਸ ਤੋਂ ਬਾਅਦ ਪੁਲਿਸ ਨੇ ਕੁਝ ਪਰਿਵਾਰਿਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਅਤੇ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਮਾਸੂਮ ਬੱਚੀ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਮਾਸੂਮ ਬੱਚੀ ਦਾ ਕਤਲ ਉਸ ਦੇ ਰਿਸ਼ਤੇਦਾਰਾਂ ਨੇ ਹੀ ਕੀਤਾ ਹੈ ਅਤੇ ਕਤਲ ਕਰਨ ਦਾ ਮਕਸਦ ਰਿਸ਼ਤੇਦਾਰਾਂ ਵਲੋਂ ਕਾਰੋਬਾਰ ਵਿੱਚ ਚੱਲ ਰਹੀ ਮੰਦੀ 'ਚ ਸੁਧਾਰ ਖਾਤਰ ਤਾਂਤਰਿਕ ਦੇ ਕਹੇ ਅਨੁਸਾਰ ਬਲੀ ਦਿੱਤੇ ਜਾਣ ਦਾ ਨਿਕਲਿਆ ਹੈ।
ਕਾਰੋਬਾਰ 'ਚ ਵਾਧੇ ਲਈ ਦਿੱਤੀ ਮਾਸੂਮ ਦੀ ਬਲੀ: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬੱਚੀ ਦਾ ਚਾਚਾ ਜਿਸ ਦਾ ਨਾਮ ਦਲਬੀਰ ਸਿੰਘ ਹੈ, ਜੋ ਹਲਵਾਈ ਦਾ ਕੰਮ ਕਰਦਾ ਹੈ। ਉਸ ਨੇ ਲੰਘੇ ਮਹੀਨੇ ਵਿਚ ਆਪਣੇ ਇਕ ਸਹਿਯੋਗੀ ਡਾਕਟਰ ਨਾਲ ਭਾਈਵਾਲੀ ਕਰਕੇ ਪਿੰਡ ਨੇੜੇ ਇਕ ਮੈਰਿਜ ਪੈਲੇਸ 9 ਲੱਖ, 50 ਹਜ਼ਾਰ ਰੁਪਏ ਵਿੱਚ ਕਿਰਾਏ 'ਤੇ ਲਿਆ ਸੀ, ਜੋ ਕੋਈ ਬੁਕਿੰਗ ਨਾ ਹੋਣ ਕਾਰਨ ਘਾਟੇ ਵਿੱਚ ਜਾ ਰਿਹਾ ਸੀ। ਇਸ ਦੇ ਚੱਲਦਿਆਂ ਦਲਬੀਰ ਸਿੰਘ ਸਣੇ ਉਸ ਦਾ ਸਾਰਾ ਪਰਿਵਾਰ ਇਕ ਤਾਂਤਰਿਕ ਕੋਲ ਜਾ ਰਿਹਾ ਸੀ। ਕਾਰੋਬਾਰ ਸੰਬੰਧੀ ਔਰਤਾਂ ਉਸ ਤਾਂਤਰਿਕ ਕੋਲ ਗਈਆਂ, ਤਾਂ ਤਾਂਤਰਿਕ ਨੇ ਕਿਹਾ ਕਿ ਸ਼ੈਤਾਨ ਨੂੰ ਖੁਸ਼ ਕਰਨ ਲਈ ਕਿਸੇ ਮਾਸੂਮ ਬੱਚੇ ਦੀ ਬਲੀ ਦੇਣੀ ਪਵੇਗੀ। ਇਸ ਦੇ ਚੱਲਦੇ ਮ੍ਰਿਤਕ ਬੱਚੀ ਦੇ ਚਾਚੇ ਨੇ ਹੀ ਸੁਖਮਨਪ੍ਰੀਤ ਕੌਰ ਦਾ ਪਰਿਵਾਰ ਦੇ ਨਾਲ ਮਿਲ ਕੇ ਕਤਲ ਕਰ ਦਿੱਤਾ। ਫਿਰ ਲਾਸ਼ ਨੂੰ ਖੰਡ ਵਾਲੀ ਬੋਰੀ ਵਿੱਚ ਪਾ ਕੇ ਹਵੇਲੀ ਵਿੱਚ ਸੁੱਟਿਆ ਜਿਸ ਨੂੰ ਸ਼ੱਕ ਹੋਣ ਉੱਤੇ ਪੁਲਿਸ ਨੇ ਡੋਗ ਸਕਾਟ ਦੀ ਮਦਦ ਨਾਲ ਬਰਾਮਦ ਕੀਤਾ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਮੁਲਜ਼ਮ ਔਰਤ ਖੁਦ ਵੀ ਸਿੱਖਣਾ ਚਾਹੁੰਦੀ ਸੀ ਕਾਲਾ ਜਾਦੂ : ਅੰਮ੍ਰਿਤਸਰ ਦੀ ਮਾਸੂਮ ਸੁਖਮਨਦੀਪ ਕੌਰ ਕਤਲ ਕਾਂਡ ਦੇ ਪਰਤ-ਦਰ-ਪਰਤ ਭੇਤ ਖੁੱਲ੍ਹਣੇ ਸ਼ੁਰੂ ਹੋ ਗਏ ਹਨ। ਪਤਾ ਲੱਗਾ ਹੈ ਕਿ ਪਰਿਵਾਰ ਦੇ ਮੁਖੀ ਦਲਬੀਰ ਸਿੰਘ ਦੀ ਪਤਨੀ ਜਸਬੀਰ ਕੌਰ ਪਿਛਲੇ ਕਈ ਸਾਲਾਂ ਤੋਂ ਤਾਂਤਰਿਕਾਂ ਦੇ ਚੁੰਗਲ ’ਚ ਫਸੀ ਹੋਈ ਸੀ। ਉਹ ਖ਼ੁਦ ਵੀ ਕਾਲਾ ਜਾਦੂ ਸਿੱਖਣਾ ਚਾਹੁੰਦੀ ਸੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਤਾਂਤਰਿਕ ਵੱਲੋਂ ਵਿਖਾਈਆਂ ਗਈਆਂ ਕੁਝ ਚਾਲਾਂ ਤੋਂ ਮੁਲਜ਼ਮ ਔਰਤ ਬਹੁਤ ਪ੍ਰਭਾਵਿਤ ਸੀ ਅਤੇ ਉਹ ਜਾਦੂ ਸਿੱਖ ਕੇ ਆਪਣੇ ਪਰਿਵਾਰ ਦਾ ਕਾਰੋਬਾਰ ਵਧਾਉਣਾ ਚਾਹੁੰਦੀ ਸੀ। ਫਿਲਹਾਲ ਪੁਲਿਸ ਥਾਣਾ ਮੁਦਲ ਨਿਵਾਸੀ ਦਲਬੀਰ ਸਿੰਘ, ਉਸ ਦੀ ਪਤਨੀ ਜਸਬੀਰ ਕੌਰ, ਪੁੱਤਰ ਸੂਰਜ ਸਿੰਘ ਤੇ ਨੂੰਹ ਪਵਨਦੀਪ ਕੌਰ ਤੋਂ ਪੁੱਛਗਿੱਛ ਕਰ ਰਹੀ ਹੈ। ਦੂਜੇ ਪਾਸੇ, ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਮੁਲਜ਼ਮ ਤਾਂਤਰਿਕ ਅਜੇ ਗ੍ਰਿਫਤ ਚੋਂ ਬਾਹਰ: ਦੂਜੇ ਪਾਸੇ ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤਾਂਤਰਿਕ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਸ ਦੀ ਪਛਾਣ ਵੀ ਨਹੀਂ ਹੋ ਸਕੀ। ਫਿਲਹਾਲ ਪੁਲਿਸ ਮੁਲਜ਼ਮ ਦੀ ਪਛਾਣ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।