ਅੰਮ੍ਰਿਤਸਰ: ਬੀਤੀ 22 ਫਰਵਰੀ ਦੇ ਦਿਨ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਅਤਰ ਸਿੰਘ ਅਤੇ ਜੀਵਨ ਸਿੰਘ ਫਰਮ ਦੀ ਫੈਕਟਰੀ ਦੀ ਪ੍ਰੀਟਿੰਗ ਪ੍ਰੈੱਸ ਵਿੱਚ ਪਵਿੱਤਰ ਬਾਣੀ ਦੀ ਛਪਾਈ ਸਮੇਂ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਸਤਿਕਾਰ ਕਮੇਟੀ ਨੇ ਐਕਸ਼ਨ ਵਿੱਚ ਆਉਂਦਿਆਂ ਇਸ ਥਾਂ ਉੱਤੇ ਪ੍ਰਦਰਸ਼ਨ ਕਰਦਿਆਂ ਇਨਸਾਫ਼ ਲਈ ਪੱਕਾ ਮੋਰਚਾ ਲਗਾ ਦਿੱਤਾ। ਇਸ ਤੋਂ ਬਾਅਦ ਹੁਣ ਮੁਲਜ਼ਮ ਖ਼ਿਲਾਫ਼ ਕਾਰਵਾਈ ਨਾ ਹੋਣ ਉੱਤੇ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਿੱਚ ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਥਾਨਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ।
ਨਹੀਂ ਹੋਈ ਕਾਰਵਾਈ: ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਮੌਕੇੇ ਉੱਤੇ ਪਹੁੰਚ ਕੇ ਸਿੱਖ ਸੰਗਤ ਵੱਲੋਂ ਪਵਿੱਤਰ ਬਾਣੀ ਦੀ ਬੇਅਦਬੀ ਸਬੰਧੀ ਮਸਲਾ ਚੁੱਕਿਆ ਗਿਆ ਸੀ ਪਰ ਬਾਵਜੂਦ ਇਸ ਦੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਤਰ ਸਿੰਘ ਅਤੇ ਜੀਵਨ ਸਿੰਘ ਫਰਮ ਨਾਲ ਜੁੜੇ ਪਰਿਵਾਰਾਂ ਉੱਤੇ ਪੁਲਿਸ ਨੇ ਬੇਅਦਬੀ ਦੀਆਂ ਧਾਰਾਵਾਂ ਤਹਿਤ ਇੱਕ ਮਾਮਲਾ ਤੱਕ ਦਰਜ ਨਹੀਂ ਕੀਤਾ। ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਲੱਗਦੀਆਂ ਕਈ ਦੁਕਾਨਾਂ ਅੰਦਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀ ਬੇਅਦਬੀ ਹੋ ਰਹੀ ਹੈ ਅਤੇ ਪੁਲਿਸ ਵੱਲੋਂ ਇੰਨ੍ਹਾਂ ਦੁਕਾਨਾਂ ਦੀ ਚੈਕਿੰਗ ਨਹੀਂ ਕੀਤੀ ਜਾ ਰਹੀ । ਸਤਿਕਾਰ ਕਮੇਟੀ ਮੈਂਬਰਾਂ ਨੇ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਦੋ ਦਿਨ ਦਾ ਅਲਟੀਮੇਟਮ ਦਿੱਤਾ ਅਤੇ ਕਿਹਾ ਕਿ ਜੇਕਰ ਦੋ ਦਿਨਾਂ ਅੰਦਰ ਪੁਲਿਸ ਮਾਮਲੇ ਅੰਦਰ ਢੁੱਕਵੀਂ ਕਾਰਵਾਈ ਨਹੀਂ ਕਰਦੀ ਤਾਂ ਉਹ ਖੁੱਦ ਦੁਕਾਨਾਂ ਦੇ ਤਾਲੇ ਤੋੜ ਕੇ ਸਾਰੀ ਕਾਰਵਾਈ ਕਰਨਗੇ।
ਸ਼੍ਰੋਮਣੀ ਕਮੇਟੀ ਦੀ ਸ਼ਹਿ: ਦੱਸ ਦਈਏ ਪਿਛਲੇ ਕੁਝ ਦਿਨ ਪਹਿਲਾਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿੱਚ ਅਤਰ ਸਿੰਘ ਜੀਵਨ ਸਿੰਘ ਫਰਮ ਦੀ ਫੈਕਟਰੀ ਜਿੱਥੇ ਗੁਟਕਾ ਸਾਹਿਬ ਸਮੇਤ ਧਾਰਮਿਕ ਪੋਥੀਆਂ ਅਤੇ ਹੋਰ ਧਾਰਮਿਕ ਲਿਟਰੇਚਰ ਦੀ ਛਪਾਈ ਹੁੰਦੀ ਹੈ ਉਥੇ ਇਤਰਾਜ ਯੋਗ ਵਸਤੂਆਂ ਮਿਲਣ ਉੱਤੇ ਕਾਨੂੰਨੀ ਕਾਰਵਾਈ ਕਰਵਾਉਂਦੇ ਹੋਏ ਚਤਰ ਸਿੰਘ ਜੀਵਨ ਸਿੰਘ ਫਰਮ ਦੇ ਮਾਲਕਾਂ ਉੱਤੇ ਮਾਮਲਾ ਦਰਜ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਜੋ ਕਿ 10 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਬਣਾ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਭੇਜੇਗੀ। ਇਸ ਸਬੰਧੀ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਇਹ ਸਾਰਾ ਘਟਨਾਕ੍ਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਹਿ ਉੱਤੇ ਹੋ ਰਿਹਾ ਹੈ ਅਤੇ ਕਮੇਟੀ ਦੇ ਆਗੂਆਂ ਦੀ ਮਿਲੀਭੁਗਤ ਨਾਲ ਹੀ ਬੇਅਦਬੀ ਜਹੀਆਂ ਘਟਨਾਵਾਂ ਹੋ ਰਹੀਆਂ ਹਨ।
ਇਹ ਵੀ ਪੜ੍ਹੋ: Vidhan Sabha session: ਰਾਜਪਾਲ ਤੇ ਸਰਕਾਰ ਦੀ ਆਪਸੀ ਖਿੱਚੋਤਾਣ ਵਿਚਾਲੇ ਵਿਧਾਨ ਸਭਾ ਸੈਸ਼ਨ ਨੂੰ ਮਨਜ਼ੂਰੀ, ਮਾਨ ਨੇ ਕੀਤਾ ਟਵੀਟ...