ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ " ਖ਼ਾਲਿਸਤਾਨ" ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਲੋਕਾਂ ਦੀਆਂ ਅਲੱਗ ਅਲੱਗ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਗੁਰਦੁਆਰਾ ਬਚਾਉਆਣਾ ਸਾਹਿਬ "ਵਰਪਾਲ" ਦੇ ਸੇਵਾਦਾਰ ਬਾਬਾ ਗੁਰਮੁਖ ਸਿੰਘ ਨੇ ਕਿਹਾ ਕਿ ਖ਼ਾਲਸਾ ਰਾਜ ਤਾਂ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਗਿਆ ਅਤੇ ਸਮੇਂ ਸਮੇਂ 'ਤੇ ਗੁਰੂ ਦੇ ਪਿਆਰੇ ਖ਼ਾਲਸਾ ਰਾਜ ਨੂੰ ਪ੍ਰਗਟ ਕਰਦੇ ਆਏ ਹਨ ਤੇ ਹੁਣ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਰਾਜ ਨੂੰ ਪ੍ਰਗਟ ਕਰੀਏ।
ਬਾਬਾ ਗੁਰਮੁਖ ਸਿੰਘ ਨੇ ਕਿਹਾ ਕਿ ਸਾਨੂੰ ਰਾਜ ਲੈਣਾ ਕੋਈ ਖਿਡਾਉਣੇ ਲੈਣ ਦੇ ਬਰਾਬਰ ਨਹੀ ਸਮਝਣਾ ਚਾਹੀਦਾ। ਖ਼ਾਲਸਾ ਰਾਜ ਤਾਂ ਗੁਰਬਾਣੀ ਦਾ ਅੰਮ੍ਰਿਤ ਰਸ ਹੈ, ਜਿਸ ਨਾਲ ਸਾਰੇ ਮਨੁੱਖਾਂ ਨੂੰ ਸਿੰਜਣਾ ਹੈ ਅਤੇ ਮਨੁੱਖਤਾ ਵਿੱਚ ਅਨੰਦ ਲੈ ਕੇ ਆਉਣਾ ਹੈ।
ਉਨ੍ਹਾਂ ਕਿਹਾ ਕਿ ਹੁਣ ਮਨੁੱਖਤਾ ਦੇ ਜੀਵਨ ਵਿੱਚ ਬੇਰਸੀ ਹੈ ਤੇ ਜੀਵਨ ਨੂੰ ਰਸ ਵਾਲਾ ਕਰਨਾ ਹੀ ਅਸਲ ਗੁਰੂ ਦਾ ਸੰਕਲਪ ਹੈ। ਸਾਡੇ ਪੁਰਖਿਆਂ ਬਾਬਾ ਦੀਪ ਸਿੰਘ ਵਰਗਿਆਂ ਵੱਲੋਂ ਰੱਬ ਤੋਂ ਵਿਛੜੀਆਂ ਰੂਹਾਂ ਨੂੰ ਰੱਬ ਨਾਲ ਜੋੜਿਆ।
ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਰਸ ਨਾਲ ਹੀ ਮਨੁੱਖਤਾ ਨੂੰ ਆਨੰਦ ਆਵੇਗਾ ਅਤੇ ਫਿਰ ਸਾਰੇ ਬੇਗਮਪੁਰਾ ਦੇ ਵਾਸੀ ਹੋਣਗੇ।