ਅੰਮ੍ਰਿਤਸਰ: ਅੱਜ ਮਿਤੀ 11 ਦਸੰਬਰ ਨੂੰ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਤੇ ਕਸਬਾ ਬਿਆਸ ਨੇੜੇ ਇਕ ਜਥੇਬੰਦੀ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਮੁੱਖ ਮਾਰਗ ਨੂੰ ਇਕਤਰਫਾ ਜਾਮ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ੍ਹੀਂ ਅੰਮ੍ਰਿਤਸਰ ਦਿਹਾਂਤੀ ਦੇ ਕਸਬਾ ਬਿਆਸ ਨੇੜੇ ਸਥਿਤ ਇਕ ਨਿੱਜੀ ਹੋਟਲ ਵਿੱਚ ਇੱਕ ਵਿਅਕਤੀ ਅਤੇ ਔਰਤ ਆਏ ਸਨ ਕਿ ਇਸ ਦੌਰਾਨ ਭੇਤਭਰੇ ਹਾਲਾਤਾਂ ਵਿੱਚ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪੁਸ਼ਟੀ ਪਰਿਵਾਰਿਕ ਮੈਂਬਰਾਂ ਵਲੋਂ ਉਕਤ ਵਿਅਕਤੀ ਦੀ ਦੇਹ ਨਿੱਜੀ ਹਸਪਤਾਲ ਲਿਜਾਣ ਤੇ ਡਾਕਟਰਾਂ ਵਲੋਂ ਕੀਤੀ ਗਈ ਸੀ।
ਇਸ ਸਬੰਧੀ ਥਾਣਾ ਬਿਆਸ ਪੁਲਿਸ ਵਲੋਂ ਕਰੀਬ 10 ਦਿਨ ਪਹਿਲਾਂ ਮ੍ਰਿਤਕ ਗੁਲਸ਼ਨ ਦੇ ਨਾਲ ਆਈ ਔਰਤ ਅਤੇ ਹੋਟਲ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ, ਪਰ ਉਕਤ ਮਾਮਲੇ ਵਿਚ ਹਾਲੇ ਤੱਕ ਗ੍ਰਿਫਤਾਰੀ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ, ਭਰਾ ਗੌਰਵ ਅਤੇ ਜਥੇਬੰਦੀ ਵਲੋਂ ਮੁੱਖ ਮਾਰਗ ਜਾਮ ਕਰ ਦਿੱਤਾ ਗਿਆ ਹੈ।
ਪੀੜਤਾਂ ਦਾ ਪੁਲਿਸ ਉਤੇ ਇਲਜ਼ਾਮ : ਇਸ ਦੌਰਾਨ ਧਰਨਾਕਾਰੀਆਂ ਨੇ ਪੁਲਿਸ ਉਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਬਿਆਸ ਪੁਲਿਸ ਵੱਲੋਂ ਨਿਭਾਈ ਜਾ ਰਹੀ ਕਥਿਤ ਪੱਖਪਾਤੀ ਭੂਮਿਕਾ ਦਾ ਵਿਰੋਧ ਕਰਨ ਲਈ ਇਹ ਧਰਨਾ ਲਗਾਇਆ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮਜ਼ਦੂਰਾਂ ਕਿਸਾਨਾਂ ਨੇ ਇੱਕ ਤਰਫਾ ਹਾਈਵੇ ਜਾਮ ਕਰਕੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ।
ਮਜ਼ਬੂਰਨ ਚੱਕਾ ਜਾਮ ਕਰਨਾ ਪਿਆ : ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਸਕੱਤਰ ਰਵਿੰਦਰ ਸਿੰਘ ਛੱਜਲਵੱਡੀ ਨੇ ਕਿਹਾ ਕਿ ਇਕ ਨੌਜਵਾਨ ਦੇ ਕਥਿਤ ਕਤਲ ਕੇਸ ਮਾਮਲੇ ਵਿਚ ਬਿਆਸ ਪੁਲਿਸ ਤੋਂ ਇਨਸਾਫ਼ ਨਾ ਮਿਲਣ ਤੇ ਐਤਵਾਰ ਮਜ਼ਬੂਰਨ ਚੱਕਾ ਜਾਮ ਕਰਨਾ ਪਿਆ ਹੈ। ਉਹਨਾ ਕਿਹਾ ਕਿ ਬਦਲਾਅ ਦਾ ਨਾਹਰਾ ਦੇ ਕੇ ਸੱਤਾ ਵਿੱਚ ਆਈ ਆਪ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕਹਿੰਦੇ ਸਨ ਕਿ ਸਾਡੇ ਰਾਜ ਵਿੱਚ ਕਿਸੇ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਨਹੀਂ ਪਵੇਗੀ। ਅੱਧੇ ਸਾਲ ਤੋਂ ਵੱਧ ਸਮੇਂ ਤੋਂ ਮੌਜੂਦਾ ਸਰਕਾਰ ਦੇ ਰਾਜ ਵਿੱਚ ਹਰ ਵਰਗ ਧਰਨੇ ਮੁਜ਼ਾਹਰੇ ਕਰ ਰਿਹਾ ਹੈ ਅਤੇ ਉਕਤ ਨੌਜਵਾਨ ਦੇ ਕਥਿਤ ਕਤਲ ਕੇਸ ਵਿੱਚ ਵੀ ਧਰਨੇ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਪੀੜਤ ਪਰਿਵਾਰ ਦੀ ਪੁਲਿਸ ਨੂੰ ਚੇਤਾਵਨੀ: ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਅਜੇ ਵੀ ਬਿਆਸ ਪੁਲਿਸ ਨੇ ਕੇਸ ਵਿੱਚ ਨਾਮਜ਼ਦ ਕਥਿਤ ਮੁਲਜ਼ਮਾਂ ਦਾ ਪੱਖ ਪੂਰਨਾ ਬੰਦ ਕਰਕੇ ਤੁਰੰਤ ਗਿਰਫ਼ਤਾਰ ਨਾ ਕੀਤਾ ਤਾਂ ਬਿਆਸ ਵਿਖੇ ਅੰਮ੍ਰਿਤਸਰ-ਜਲੰਧਰ ਹਾਈਵੇ ਮੁਕੰਮਲ ਤੌਰ 'ਤੇ ਜਾਮ ਕਰਨ ਲਈ ਜਥੇਬੰਦੀਆਂ ਮਜ਼ਬੂਰ ਹੋਣਗੀਆਂ।ਉਨ੍ਹਾ ਕਿਹਾ ਕਿ ਧਰਨੇ ਦੌਰਾਨ ਮੌਕੇ ਤੇ ਡੀ ਐੱਸ ਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਨਾਮਜ਼ਦ ਵਿਅਕਤੀਆਂ ਨੂੰ ਗਿਰਫ਼ਤਾਰ ਕਰਨ ਦਾ ਭਰੋਸਾ ਦਿੱਤਾ। ਜਿਸ ਤੇ ਪ੍ਰਦਰਸ਼ਨ ਖ਼ਤਮ ਕਰਕੇ ਜਥੇਬੰਦੀਆਂ ਤੇ ਪਰਿਵਾਰ ਨੇ ਐਲਾਨ ਕੀਤਾ ਹੈ ਕਿ ਜੇਕਰ ਦੋ ਦਿਨਾਂ ਦੇ ਵਿੱਚ ਵਿੱਚ ਕਥਿਤ ਮੁਲਜ਼ਮ ਗਿਰਫ਼ਤਾਰ ਨਾ ਕੀਤੇ ਗਏ ਤਾਂ ਮੁਕੰਮਲ ਤੌਰ ਤੇ ਹਾਈਵੇ ਜਾਮ ਕੀਤਾ ਜਾਵੇਗਾ।
ਪੁਲਿਸ ਨੇ ਦਿੱਤਾ ਭਰੋਸਾ: ਇਸ ਦੌਰਾਨ ਗੱਲਬਾਤ ਕਰਦਿਆਂ ਡੀਐਸਪੀ (DSP) ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਪੁਲਿਸ ਉਕਤ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਕੰਮ ਕਰ ਰਹੀ ਹੈ। ਕਥਿਤ ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਉਹਨਾ ਕਿਹਾ ਕਿ ਧਰਨਾਕਾਰੀਆਂ ਨੂੰ ਭਰੋਸੇ ਦੇਣ ਉਤੇ ਉਹਨਾ ਵੱਲੋਂ ਧਰਨਾ ਚੁੱਕ ਲਿਆ ਗਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰਾਗੇਂ ਇਸ ਦੇ ਨਾਲ ਹੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਜ਼ੀਰਾ ਤੋਂ ਲਾਪਤਾ ਬੱਚੇ ਦੀ ਖੇਤਾਂ ਵਿੱਚੋਂ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ