ਅੰਮ੍ਰਿਤਸਰ: ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ ਨੂੰ ਗੰਨਾ ਕਿਸਾਨਾਂ ਦੇ ਪੈਸੇ ਤੁਰੰਤ ਜਾਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਵੀ ਗੰਨਾ ਕਿਸਾਨਾਂ ਦੇ ਪੈਸੇ ਤਿੰਨ ਦਿਨਾਂ ਵਿੱਚ ਜਾਰੀ ਕਰਨ ਦੀ ਗੱਲ ਕਹੀ ਸੀ ਪਰ ਅੱਜ ਕਿਸਾਨ ਸੜਕਾਂ ਉੱਤੇ ਰੁਲ ਰਿਹਾ ਹੈ।
ਚੁੱਘ ਨੇ ਕਿਹਾ ਕਿ ਪੰਜਾਬ ਵਿਚ ਪਹਿਲਾ ਹੀ ਗੰਨਾ ਕਿਸਾਨਾਂ ਨੂੰ 310 ਰੁਪਏ ਸਭ ਤੋਂ ਘੱਟ ਮੁੱਲ ਮਿਲ ਰਿਹਾ ਹੈ ਤੇ ਪੈਸੇ ਦੀ ਅਦਾਇਗੀ ਵੀ ਨਹੀਂ ਕੀਤੀ ਜਾ ਰਹੀ ਹੈ। ਇਸ ਤੋ ਵੱਧ ਗੰਨਾ ਕਿਸਾਨਾਂ ਦੀ ਹੋਰ ਕਿੰਨੀ ਲੁੱਟ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਰਕਾਰ ਆਪਣੇ ਹੀ ਵਿਧਾਇਕਾਂ ਦੇ ਫੋਨ ਟੈਪ ਕਰਵਾ ਰਹੀ ਹੈ। ਇਸ ਵੇਲੇ ਸਰਕਾਰ ਨੂੰ ਡੰਡਾਕਰੇਸੀ ਤੇ ਬੁਰਿਆਕਰੇਸੀ ਚਲਾ ਰਹੀ ਹੈ।
ਤਰੁਣ ਚੁੱਘ ਨੇ ਕਿਹਾ ਕਿ ਮਨਪ੍ਰੀਤ ਬਾਦਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ 4 ਹਜ਼ਾਰ ਕਰੋੜ ਰੁਪਏ ਜਾਰੀ ਨਹੀਂ ਕਰ ਰਹੀ ਜਿਸ ਕਾਰਨ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ। ਮਨਪ੍ਰੀਤ ਬਾਦਲ ਲੋਕਾਂ ਨਾਲ ਝੂਠ ਬੋਲਣਾ ਬੰਦ ਕਰੇ। ਉਨ੍ਹਾਂ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸਨ ਤੇ ਹੁਣ ਉਨ੍ਹਾਂ ਨੂੰ ਪੂਰਾ ਕਰਨਾ ਵੀ ਉਨ੍ਹਾਂ ਦਾ ਹੀ ਫਰਜ਼ ਹੈ।