ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਜਿਮਨੀ ਚੋਣਾਂ ਵਿੱਚ ਆਪਣੀ ਸਾਖ ਗਵਾ ਲਈ ਹੈ ਕਿਉਂਕਿ ਦਾਖਾ ਚੋਣਾਂ ਜਿਥੇ ਕੈਪਟਨ ਦੀ ਨੱਕ ਦਾ ਸਵਾਲ ਸੀ, ਉਥੇ ਹੀ ਜਲਾਲਾਬਾਦ ਸੁਖਬੀਰ ਬਾਦਲ ਦੀ ਸਾਖ ਦਾ ਸਵਾਲ ਸੀ, ਪਰ ਦੋਵੇ ਹੀ ਆਪਣੀ ਆਪਣੀ ਵਕਾਰੀ ਸੀਟ ਨਹੀਂ ਬਚਾ ਸਕੇ, ਇਸ ਤੋਂ ਪਤਾ ਲਗਦਾ ਹੈ ਕਿ ਕਾਂਗਰਸ ਤੇ ਅਕਾਲੀ ਜਨਤਾ ਵਿੱਚ ਆਪਣੀ ਸਾਖ ਨਹੀਂ ਬਚਾ ਸਕੇ।
ਬ੍ਰਹਮਪੁਰਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ਤੇ ਮੁਨਾਉਣ ਨੂੰ ਲੈ ਕੇ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਮਿਲ ਕੇ ਇਹ ਪ੍ਰਕਾਸ਼ ਪੁਰਬ ਮੁਨਾਉਣ ਚਾਹੀਦਾ ਹੈ, ਅਤੇ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਫ਼ੈਸਲੇ ਨਾਲ ਸਹਿਮਤ ਹਨ ਕਿ ਕੋਈ ਵੀ ਸਟੇਜ ਲਗਾ ਸਕਦਾ ਹੈ ਪਰ ਉਥੋਂ ਗੁਰੂ ਨਾਨਕ ਦੇਵ ਜੀ ਦਾ ਹੀ ਫਲਸਫਾ ਹੀ ਦੇਣਾ ਪਵੇਗਾ।
ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪਰ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਉਹਨਾਂ ਨੇ ਪਾਰਟੀ ਨੂੰ ਵੀ ਤਿਆਗ ਦਿੱਤਾ ਤੇ ਨਵੀਂ ਪਾਰਟੀ ਦਾ ਗਠਨ ਕੀਤਾ।
ਜ਼ਿਕਰਯੋੋਗ ਹੈ ਕਿ ਕੁਝ ਦਿਨ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਿਹਤ ਕਾਫੀ ਨਾਜ਼ੁਕ ਬਣ ਗਈ ਸੀ, ਤੇ ਉਹਨਾਂ ਨੂੰ ਚੰਡੀਗੜ੍ਹ ਪੀ ਜੀ ਆਈ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਉਹਨਾਂ ਦਾ ਹਾਲ ਚਾਲ ਜਾਨਣ ਲਈ ਪਹੁੰਚੇ ਸਨ, ਤੇ ਕਿਆਸ ਲਾਏ ਜਾ ਰਹੇ ਹਨ ਕਿ ਸੁਖਬੀਰ ਬਾਦਲ ਵਲੋਂ ਇਹਨਾਂ ਨੇਤਾਵਾਂ ਦੇ ਖਿਲਾਫ ਕੋਈ ਵੀ ਬਿਆਨ ਨਾ ਦੇਣ ਕੀਤੇ ਨਾ ਕਿਤੇ ਇਹਨਾਂ ਦੀ ਭਵਿੱਖ ਵਿੱਚ ਹੋਣ ਵਾਲੀ ਨੇੜਤਾ ਵੱਲ ਇਸ਼ਾਰਾ ਕਰਦਾ ਹੈ।